ਪੰਜਾਬ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਪੁੱਜ ਕੇ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਕੀਤੀ | ਮਿਲੀ ਜਾਣਕਾਰੀ ਅਨੁਸਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਹਵਾਈ ਰਸਤੇ ਰਾਹੀਂ ਕਰੀਬ ਢਾਈ ਵਜੇ ਡੇਰਾ ਬਿਆਸ ਪੁੱਜੇ ਅਤੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਕਰੀਬ ਪੌਣੇ ਚਾਰ ਵਜੇ ਹਵਾਈ ਰਸਤੇ ਵਾਪਸ ਚਲੇ ਗਏ | ਅਮਿਤ ਸ਼ਾਹ ਵਲੋਂ ਪੰਜਾਬੀ ‘ਚ ਟਵੀਟ ਕਰ ਕੇ ਦੱਸਿਆ ਗਿਆ ਹੈ ਕਿ ਉਨ੍ਹਾਂ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਟਵਿੱਟਰ ‘ਤੇ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਕਈ ਦਹਾਕਿਆਂ ਤੋਂ ਸਮਾਜ ‘ਚ ਨਰਿੰਤਰ ਅਧਿਆਤਮਿਕਤਾ ਚੇਤੰਨਤਾ ਜਗਾ ਕੇ ਮਾਨਵਤਾ ਲਈ ਸਮਾਜਿਕ ਸੇਵਾਵਾਂ ਨਿਭਾਉਣ ਦਾ ਉਚੇਚੇ ਤੌਰ ‘ਤੇ ਜ਼ਿਕਰ ਕੀਤਾ ਹੈ | ਭਾਵੇਂ ਕਿ ਸਿਆਸੀ ਹਲਕਿਆਂ ਵਿਚ ਇਸ ਮੁਲਾਕਾਤ ਦੀ ਚਰਚਾ ਹੈ ਪਰ ਡੇਰਾ ਬਿਆਸ ਵਲੋਂ ਕਿਸੇ ਵੀ ਸਿਆਸੀ ਪਾਰਟੀ ਦਾ ਖੁੱਲ੍ਹ ਕੇ ਸਮਰਥਨ ਨਹੀਂ ਕੀਤਾ ਜਾਂਦਾ ਹੈ |
