-ਦੇਸ਼ ਭਰ ‘ਚ ਅਗਨੀਪਥ ਸਕੀਮ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਭਾਰਤੀ ਫ਼ੌਜ ਨੇ ਸੋਮਵਾਰ ਨੂੰ ਪਹਿਲੇ ਪੜਾਅ ਦੀ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ। ਨੋਟੀਫ਼ਿਕੇਸ਼ਨ ਮੁਤਾਬਿਕ ਅਗਨੀਵੀਰਾਂ ਦੀ ਭਰਤੀ ਲਈ 1 ਜੁਲਾਈ ਭਾਵ ਸ਼ੁੱਕਰਵਾਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ। ਨੋਟੀਫ਼ਿਕੇਸ਼ਨ ਮੁਤਾਬਿਕ ਅੱਠਵੀਂ ਅਤੇ ਦਸਵੀਂ ਪਾਸ ਨੌਜਵਾਨ ਵੀ ਅਪਲਾਈ ਕਰ ਸਕਦੇ ਹਨ। ਇਹ ਯੋਜਨਾ ਮੌਜੂਦਾ ਕਿਸੇ ਰੈਂਕ ਦੇ ਨਾਲ ਨਹੀਂ ਹੋਵੇਗੀ, ਸਗੋਂ ਅਗਨੀਵੀਰ ਫ਼ੌਜ ‘ਚ ਇਕ ਵੱਖਰਾ ਰੈਂਕ ਹੋਵੇਗਾ। ਫ਼ੌਜ ‘ਚ ਇਹ ਭਰਤੀ 5 ਗ੍ਰੇਡਾਂ ਲਈ ਕੀਤੀ ਜਾਵੇਗੀ, ਜਿਨ੍ਹਾਂ ‘ਚ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਕਲਰਕ, ਅਗਨੀਵੀਰ ਟੈਕਨੀਕਲ, ਅਗਨੀਵੀਰ ਟ੍ਰੇਡਸਮੈਨ (8ਵੀਂ ਪਾਸ) ਅਤੇ ਅਗਨੀਵੀਰ ਟ੍ਰੇਡਸਮੈਨ (10ਵੀਂ ਪਾਸ) ਸ਼ਾਮਿਲ ਹਨ। ਨੋਟੀਫ਼ਿਕੇਸ਼ਨ ‘ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਅਗਨੀਵੀਰ ਕਿਸੇ ਵੀ ਤਰ੍ਹਾਂ ਦੀ ਪੈਨਸ਼ਨ ਜਾਂ ਗ੍ਰੈਚੂਇਟੀ ਦੇ ਹੱਕਦਾਰ ਨਹੀਂ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਮਹਿੰਗਾਈ ਭੱਤਾ ਜਾਂ ਮਿਲਟਰੀ ਸਰਵਿਸ ਪੇਅ ਨਹੀਂ ਮਿਲੇਗੀ ਅਤੇ ਨਾ ਹੀ ਕੈਂਟੀਨ ਦੀ ਸਹੂਲਤ ਲੈ ਸਕਣਗੇ। ਅਗਨੀਪਥ ਸਕੀਮ ਲਈ ਤਕਰੀਬਨ 83 ਭਰਤੀ ਰੈਲੀਆਂ ਰਾਹੀਂ ਤਕਰੀਬਨ 40 ਹਜ਼ਾਰ ਭਰਤੀਆਂ ਕੀਤੀਆਂ ਜਾਣਗੀਆਂ, ਜਿਸ ਲਈ ਜੁਲਾਈ ਤੋਂ ਫ਼ੌਜ ਦੀਆਂ ਵੱਖ-ਵੱਖ ਭਰਤੀ ਯੂਨਿਟਾਂ ਆਪਣੇ ਮੁਤਾਬਿਕ ਨੋਟੀਫ਼ਿਕੇਸ਼ਨ ਜਾਰੀ ਕਰਨਗੀਆਂ। ਅਗਨੀਪਥ ਯੋਜਨਾ ਤਹਿਤ ਦਿੱਤੀ ਜਾਣ ਵਾਲੀ 4 ਸਾਲ ਦੀ ਨੌਕਰੀ ਦੇ ਪਹਿਲੇ ਸਾਲ ‘ਚ 30 ਹਜ਼ਾਰ, ਦੂਜੇ ਸਾਲ ‘ਚ 33 ਹਜ਼ਾਰ, ਤੀਜੇ ਸਾਲ ‘ਚ 36,500 ਅਤੇ ਆਖਰੀ ਸਾਲ 40 ਹਜ਼ਾਰ ਰੁਪਏ ਤਨਖਾਹ ਅਤੇ ਭੱਤੇ ਵਜੋਂ ਦਿੱਤੇ ਜਾਣਗੇ। ਜੋ ਉਮੀਦਵਾਰ 10ਵੀਂ ਪਾਸ ਹਨ, ਉਨ੍ਹਾਂ ਨੂੰ 4 ਸਾਲ ਬਾਅਦ 12ਵੀਂ ਪਾਸ ਦੇ ਬਰਾਬਰ ਪਾਸ ਸਰਟੀਫ਼ਿਕੇਟ ਵੀ ਦਿੱਤਾ ਜਾਵੇਗਾ। ਹਥਿਆਰਬੰਦ ਫ਼ੌਜਾਂ ‘ਚ ਅਗਨੀਵੀਰਾਂ ਨੂੰ ਸਾਲ ‘ਚ 30 ਛੁੱਟੀਆਂ ਮਿਲਣਗੀਆਂ। ਜੁਲਾਈ ਤੋਂ ਰਜਿਸਟ੍ਰੇਸ਼ਨ ਤੋਂ ਬਾਅਦ ਤਕਰੀਬਨ 25 ਹਜ਼ਾਰ ਰੰਗਰੂਟਾਂ ਦੀ ਸਿਖਲਾਈ ਦਸੰਬਰ ਦੇ ਪਹਿਲੇ ਅਤੇ ਦੂਜੇ ਹਫ਼ਤੇ ‘ਚ ਸ਼ੁਰੂ ਹੋਵੇਗੀ, ਜਦਕਿ ਟ੍ਰੇਨੀ ਅਗਨੀਵੀਰਾਂ ਦਾ ਦੂਜਾ ਬੈਚ 23 ਫਰਵਰੀ, 2023 ਦੇ ਆਸ-ਪਾਸ ਸਿਖਲਾਈ ਸ਼ੁਰੂ ਕਰੇਗਾ।
ਆਪਣੀ ਮਰਜ਼ੀ ਨਾਲ ਨਹੀਂ ਛੱਡ ਸਕਦੇ ਨੌਕਰੀ
ਅਗਨੀਪਥ ਯੋਜਨਾ ਤਹਿਤ ਭਰਤੀ ਕੀਤੇ ਗਏ ਨੌਜਵਾਨ ਆਪਣੀ ਮਰਜ਼ੀ ਨਾਲ ਫ਼ੌਜ ਨਹੀਂ ਛੱਡ ਸਕਦੇ। 4 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਹੀ ਨੌਕਰੀ ਛੱਡ ਸਕਦੇ ਹਨ। ਅਸਾਧਾਰਨ ਹਾਲਾਤ ‘ਚ ਨੌਜਵਾਨ ਅਜਿਹਾ ਕਰ ਸਕਦੇ ਹਨ। ਹਾਲਾਂਕਿ ਇਨ੍ਹਾਂ ਅਸਾਧਾਰਨ ਹਾਲਾਤ ਦਾ ਖੁਲਾਸਾ ਨਹੀਂ ਕੀਤਾ ਗਿਆ। ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ਜੇਕਰ ਕੋਈ ਅਗਨੀਵੀਰ ਚਾਰ ਸਾਲ ਤੋਂ ਪਹਿਲਾਂ ਫ਼ੌਜ ਤੋਂ ਬਾਹਰ ਹੋ ਜਾਂਦਾ ਹੈ ਤਾਂ ਉਸ ਨੂੰ ਸੇਵਾ ਨਿਧੀ ਪੈਕੇਜ ਦਾ ਉਹ ਹੀ ਹਿੱਸਾ ਮਿਲੇਗਾ ਜੋ ਉਸ ਦਾ ਯੋਗਦਾਨ ਹੈ। ਉਹ ਸਰਕਾਰੀ ਯੋਗਦਾਨ ਨਹੀਂ ਲੈ ਸਕਦਾ। ਜ਼ਿਕਰਯੋਗ ਹੈ ਕਿ ਨੋਟੀਫ਼ਿਕੇਸ਼ਨ ਮੁਤਾਬਿਕ 4 ਸਾਲ ਬਾਅਦ ਅਗਨੀਵੀਰਾਂ ਨੂੰ ਸੇਵਾ ਨਿਧੀ ਦਿੱਤੀ ਜਾਵੇਗੀ। ਸੇਵਾ ਨਿਧੀ ਪੈਕੇਜ ‘ਚ ਉਮੀਦਵਾਰ ਦੀ ਤਨਖਾਹ ਦਾ 30 ਫ਼ੀਸਦੀ ਹਿੱਸਾ ਜਮ੍ਹਾਂ ਕਰਵਾਇਆ ਜਾਵੇਗਾ। 4 ਸਾਲਾਂ ਬਾਅਦ ਉਮੀਦਵਾਰ ਦੇ ਜਮ੍ਹਾਂ ਕੀਤੇ ਗਏ 5.02 ਲੱਖ ਦੀ ਰਕਮ ਦੇ ਬਰਾਬਰ ਸਰਕਾਰ ਵਲੋਂ ਵੀ ਓਨੀ ਰਕਮ ਦਿੱਤੀ ਜਾਵੇਗੀ। 10.04 ਲੱਖ ਦੀ ਰਕਮ ਅਤੇ ਉਸ ‘ਤੇ ਬਣਦੇ ਵਿਆਜ ਨਾਲ ਦਿੱਤੀ ਜਾਣ ਵਾਲੀ ਰਕਮ ‘ਤੇ ਕੋਈ ਆਮਦਨ ਟੈਕਸ ਨਹੀਂ ਲੱਗੇਗਾ। ਫ਼ੌਜ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਨ੍ਹਾਂ ਅਗਨੀਵੀਰਾਂ ਨੂੰ ਫ਼ੌਜ ਦੇ ਰੈਗੂਲਰ ਕੇਡਰ ਲਈ ਚੁਣਿਆ ਜਾਵੇਗਾ, ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਵਲੋਂ ਜਮ੍ਹਾਂ ਕੀਤੀ ਰਕਮ ਅਤੇ ਉਸ ‘ਤੇ ਬਣਦਾ ਵਿਆਜ ਹੀ ਦਿੱਤਾ ਜਾਵੇਗਾ। ਉਸ ‘ਤੇ ਕੇਂਦਰ ਵਲੋਂ ਦਿੱਤਾ ਜਾਣ ਵਾਲਾ ਹਿੱਸਾ ਨਹੀਂ ਦਿੱਤਾ ਜਾਵੇਗਾ। ਵਰਨਣਯੋਗ ਹੈ ਕਿ ਦੇਸ਼ ਭਰ ‘ਚ ਚੱਲ ਰਹੇ ਪ੍ਰਦਰਸ਼ਨਾਂ ਦੇ ਬਾਵਜੂਦ ਐਤਵਾਰ ਨੂੰ ਤਿੰਨਾਂ ਫ਼ੌਜਾਂ ਦੇ ਮੁਖੀਆਂ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਐਲਾਨ ਕੀਤਾ ਕਿ ਅਗਨੀਪਥ ਸਕੀਮ ਵਾਪਸ ਨਹੀਂ ਹੋਵੇਗੀ। ਦਸਤਾਵੇਜ਼ ਮੁਤਾਬਿਕ ਭਾਰਤੀ ਫ਼ੌਜ ‘ਚ ਸਿਰਫ ਅਗਨੀਪਥ ਰਾਹੀਂ ਹੀ ਭਰਤੀ ਕੀਤੀ ਜਾ ਸਕਦੀ ਹੈ।
