ਬਜਟ ਇਜਲਾਸ ਦਾ ਪਹਿਲਾ ਪੜਾਅ ਸ਼ੁੱਕਰਵਾਰ ਨੂੰ ਮੁਕੰਮਲ ਹੋਣ ਤੋਂ ਬਾਅਦ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ 14 ਮਾਰਚ ਤੱਕ ਉਠਾ ਦਿੱਤੀ ਗਈ ਹੈ। ਰਾਜ ਸਭਾ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਬਜਟ ‘ਤੇ ਚਰਚਾ ਦਾ ਜਵਾਬ ਦੇਣ ਤੋਂ ਬਾਅਦ ਉਪ ਚੇਅਰਮੈਨ ਹਰਿਵੰਸ਼ ਨੇ ਹਾਂ-ਪੱਖੀ ਮਾਹੌਲ ਅਤੇ ਬਿਨਾਂ ਰੁਕਾਵਟਾਂ ਤੋਂ ਹੋਈ ਚਰਚਾ ਲਈ ਸੰਸਦ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਜਲਾਸ ਦੇ ਪਹਿਲੇ ਪੜਾਅ ‘ਤੇ ਨਿਰਧਾਰਤ ਸਮੇਂ ਤੋਂ ਅੱਧਾ ਘੰਟਾ ਵੱਧ ਕੰਮਕਾਜ ਹੋਇਆ ਹੈ। ਲੋਕ ਸਭਾ ‘ਚ ਵੀ ਸਪੀਕਰ ਓਮ ਬਿਰਲਾ ਨੇ ਸਾਰੇ ਸੰਸਦ ਮੈਂਬਰਾਂ ਦੇ ਸਹਿਯੋਗ ਨੂੰ ਉਨ੍ਹਾਂ ਦੀ ਵਿਧਾਨਿਕ ਜ਼ਿੰਮੇਵਾਰੀ ਕਰਾਰ ਦਿੰਦਿਆਂ ਕਿਹਾ ਕਿ ਲੋਕ ਸਭਾ ‘ਚ 121 ਫ਼ੀਸਦੀ ਕੰਮਕਾਜ ਹੋਇਆ ਹੈ। ਸਪੀਕਰ ਨੇ ਕਿਹਾ ਕਿ ਜਿਥੇ ਰਾਸ਼ਟਰਪਤੀ ਦੇ ਭਾਸ਼ਨ ‘ਤੇ 60 ਸੰਸਦ ਮੈਂਬਰਾਂ ਨੇ 15 ਘੰਟੇ 13 ਮਿੰਟ ਦੀ ਚਰਚਾ ‘ਚ ਹਿੱਸਾ ਲਿਆ ੳਥੇ ਬਜਟ ‘ਤੇ 81 ਸੰਸਦ ਮੈਂਬਰਾਂ ਨੇ 15 ਘੰਟੇ 30 ਮਿੰਟ ਦੀ ਚਰਚਾ ‘ਚ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਸੰਸਦ ਦਾ ਬਜਟ ਇਜਲਾਸ ਦੋ ਪੜਾਵਾਂ ‘ਚ ਹੁੰਦਾ ਹੈ। ਪਹਿਲਾ ਪੜਾਅ 31 ਜਨਵਰੀ ਨੂੰ ਸ਼ੁਰੂ ਹੋ ਕੇ 11 ਫਰਵਰੀ ਨੂੰ ਖ਼ਤਮ ਹੋਇਆ। ਜਦਕਿ ਦੂਜਾ ਪੜਾਅ 14 ਮਾਰਚ ਤੋਂ 8 ਅਪ੍ਰੈਲ ਤੱਕ ਹੋਵੇਗਾ।
