ਸੰਯੁਕਤ ਰਾਸ਼ਟਰ ਮਹਾਂਸਭਾ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ‘ਚੋਂ ਰੂਸ ਨੂੰ ਮੁਅੱਤਲ ਕਰ ਦਿੱਤਾ | ਰੂਸ ਨੂੰ ਮੁਅੱਤਲ ਕਰਨ ਦੇ ਪ੍ਰਸਤਾਵ ਦੇ ਪੱਖ ਵਿਚ 93 ਦੇਸ਼ਾਂ ਨੇ, ਜਦਕਿ ਇਸ ਦੇ ਵਿਰੋਧ ਵਿਚ ਚੀਨ, ਕਿਊਬਾ, ਬੇਲਾਰੂਸ, ਵੀਅਤਨਾਮ ਸਮੇਤ 24 ਦੇਸ਼ਾਂ ਨੇ ਵੋਟ ਪਾਈ | ਉੱਧਰ ਭਾਰਤ, ਪਾਕਿਸਤਾਨ, ਕਤਰ, ਮੈਕਸੀਕੋ, ਮਲੇਸ਼ੀਆ ਅਤੇ ਸੰਯੁਕਤ ਅਰਬ ਅਮੀਰਾਤ ਸਣੇ 58 ਦੇਸ਼ ਵੋਟਿੰਗ ‘ਚੋਂ ਗੈਰ-ਹਾਜ਼ਰ ਰਹੇ | ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਵੀਰਵਾਰ ਨੂੰ ਅਮਰੀਕਾ ਵਲੋਂ ਰੂਸ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਤੋਂ ਮੁਅੱਤਲ ਕਰਨ ਲਈ ਲਿਆਂਦੇ ਮਤੇ ਦੀ ਵੋਟਿੰਗ ਮੌਕੇ ਭਾਰਤ ਗੈਰ-ਹਾਜ਼ਰ ਰਿਹਾ ਹੈ, ਇਹ ਮਤਾ ਯੂਕਰੇਨ ਦੀ ਰਾਜਧਾਨੀ ਕੀਵ ਨੇੜੇ ਦੇ ਕਸਬਿਆਂ ਤੋਂ ਪਿੱਛੇ ਹਟਦੇ ਸਮੇਂ ਰੂਸੀ ਸੈਨਿਕਾਂ ਵਲੋਂ ਨਾਗਰਿਕਾਂ ਦੀਆਂ ਹੱਤਿਆਵਾਂ ਕੀਤੇ ਜਾਣ ਖ਼ਿਲਾਫ਼ ਲਿਆਂਦਾ ਗਿਆ ਸੀ | ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਜਨਰਲ ਅਸੈਬਲੀ ਨੇ ਅੱਜ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ ਰੂਸੀ ਸੰਘ ਦੇ ਮੈਂਬਰਸ਼ਿਪ ਦੇ ਅਧਿਕਾਰਾਂ ਨੂੰ ਮੁਅੱਤਲ ਕਰਨ ਦੇ ਸਿਰਲੇਖ ਵਾਲੇ ਖਰੜੇ ਦੇ ਮਤੇ ‘ਤੇ ਵੋਟਿੰਗ ਕੀਤੀ, ਇਸ ਵੋਟਿੰਗ ਦੌਰਾਨ ਭਾਰਤ ਗੈਰ-ਹਾਜ਼ਰ ਰਿਹਾ ਹੈ | ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ, ਜਨਰਲ ਅਸੈਬਲੀ ਤੇ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ ਪ੍ਰਕਿਰਿਆਤਮਿਕ ਵੋਟਾਂ ਦੇ ਡਰਾਫਟ ਮਤਿਆਂ ਦੇ 8 ਮੌਕਿਆਂ ‘ਤੇ ਵੋਟਿੰਗ ਤੋਂ ਪ੍ਰਹੇਜ਼ ਕੀਤਾ ਹੈ, ਜਿਸ ‘ਚ ਯੂਕਰੇਨ ਵਿਰੁੱਧ ਰੂਸੀ ਹਮਲੇ ਦੀ ਨਿੰਦਾ ਕੀਤੀ ਗਈ ਹੈ | ਭਾਰਤ ਨੇ ਮੰਗਲਵਾਰ ਨੂੰ ਯੂਕਰੇਨ ਦੇ ਸ਼ਹਿਰ ਬੂਚਾ ‘ਚ ਨਾਗਰਿਕਾਂ ਦੀਆਂ ਹੱਤਿਆਵਾਂ ਦੀਆਂ ਨਿੰਦਾ ਕੀਤੀ ਸੀ |
