7 ਮਾਰਚ 2023 ਤੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਨਾਨ-ਬੋਰਡ ਕਲਾਸਾਂ (ਪਹਿਲੀ, ਦੂਜੀ, ਤੀਜੀ, ਚੌਥੀ, ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ) ਦੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣਗੀਆਂ ਅਤੇ ਇਹ ਪ੍ਰੀਖਿਆਵਾਂ 22 ਮਾਰਚ ਤੱਕ ਚੱਲਣਗੀਆਂ। ਇਹ ਡੇਟਸ਼ੀਟ ਸਰਕਾਰੀ ਸਕੂਲਾਂ ਦੀਆਂ ਨਾਨ-ਬੋਰਡ ਕਲਾਸਾਂ ਲਈ ਸਾਲਾਨਾ ਪ੍ਰੀਖਿਆ ਲਈ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵਲੋਂ ਜਾਰੀ ਕਰ ਦਿੱਤੀ ਗਈ ਹੈ।
6ਵੀਂ, 7ਵੀਂ, 9ਵੀਂ ਅਤੇ 11ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਪ੍ਰਸ਼ਨ ਪੱਤਰ ਸਕੂਲ ਮੁਖੀ ਆਪਣੇ ਪੱਧਰ ’ਤੇ ਸਬੰਧਤ ਵਿਸ਼ਾ ਅਧਿਆਪਕ ਤੋਂ ਤਿਆਰ ਕਰਵਾਉਣਗੇ, ਜਿਸ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਨਵੇਂ ਪੈਟਰਨ ਮੁਤਾਬਕ ਪੂਰੇ ਅੰਕਾਂ ਦਾ ਹੋਣਾ ਚਾਹੀਦਾ ਹੈ।
ਪ੍ਰਾਇਮਰੀ ਕਲਾਸਾਂ ਲਈ ਹੈੱਡ ਆਫਿਸ ਵਲੋਂ ਸਲਾਨਾ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੀ ਪੀ. ਡੀ. ਐੱਫ. ਭੇਜੀ ਜਾਵੇਗੀ, ਜਿਸ ਨੂੰ ਸਕੂਲ ਮੁਖੀ ਆਪਣੇ ਪੱਧਰ ’ਤੇ ਪ੍ਰਿੰਟ/ਫੋਟੋ ਸਟੇਟ ਕਰਵਾਉਣਗੇ। ਇਸ ਦੇ ਲਈ ਗ੍ਰਾਂਟ ਵੀ ਭੇਜੀ ਗਈ ਹੈ। ਜੇਕਰ ਕਿਸੇ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਲਈ ਜਾਣੀ ਹੈ ਤਾਂ ਪ੍ਰੈਕਟੀਕਲ ਪ੍ਰੀਖਿਆ 7 ਮਾਰਚ ਤੋਂ ਪਹਿਲਾਂ ਲਈ ਜਾਵੇਗੀ। ਸਕੂਲ ਮੁਖੀ ਰੋਜ਼ਾਨਾ ਪੇਪਰ ਹੋਣ ਉਪਰੰਤ ਉੱਤਰ ਕਾਪੀਆਂ ਵਿਸ਼ਾ ਅਧਿਆਪਕ ਤੋਂ ਨਾਲ-ਨਾਲ ਚੈੱਕ ਕਰਵਾ ਕੇ ਵਿਦਿਆਰਥੀਆਂ ਵਲੋਂ ਪ੍ਰਾਪਤ ਅੰਕਾਂ ਨੂੰ ਸਕੂਲ ਰਿਕਾਰਡ ’ਚ ਦਰਜ ਕਰਨਗੇ। ਪ੍ਰੀਖਿਆ ਦਾ ਸਮਾਂ ਸਵੇਰੇ 9 ਤੋਂ 12.30 ਵਜੇ ਤੱਕ ਹੋਵੇਗਾ।
