ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਵਾਪਰੇ ਦਰਦਨਾਕ ਹਾਦਸੇ ‘ਚ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਜਾ ਰਹੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰਨਾਂ ਵਿਧਾਇਕਾਂ ਨੂੰ ਅੱਜ ਸ਼ਾਮ ਉੱਤਰ ਪ੍ਰਦੇਸ਼ ਪੁਲਿਸ ਵਲੋਂ ਜ਼ਬਰੀ ਹਿਰਾਸਤ ‘ਚ ਲਿਆ ਗਿਆ। ਸ. ਰੰਧਾਵਾ ਦੇ ਨਾਲ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਹੋਰਨਾਂ ਵਿਧਾਇਕਾਂ ਕੁਲਬੀਰ ਸਿੰਘ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਦੀਪ ਸਿੰਘ ਵੈਦ, ਪਰਮਿੰਦਰ ਸਿੰਘ ਪਿੰਕੀ ਤੇ ਅੰਗਦ ਸਿੰਘ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਹਿਰਾਸਤ ‘ਚ ਲੈ ਕੇ ਸਹਾਰਨਪੁਰ ਦੇ ਸਰਸਾਵਾਂ ਪੁਲਿਸ ਥਾਣੇ ਲੈ ਗਈ। ਉਪ ਮੁੱਖ ਮੰਤਰੀ ਤੇ ਵਿਧਾਇਕ ਪੀੜਤ ਪਰਿਵਾਰਾਂ ਨੂੰ ਮਿਲਣ ਅਤੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਜਾਣਾ ਚਾਹੁੰਦੇ ਸਨ। ਇਸ ਤੋਂ ਪਹਿਲਾਂ ਅੱਜ ਸਵੇਰੇ ਉੱਤਰ ਪ੍ਰਦੇਸ਼ ਸਰਕਾਰ ਵਲੋਂ ਉਪ ਮੁੱਖ ਮੰਤਰੀ ਸ. ਰੰਧਾਵਾ ਦੇ ਲਖਨਊ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਰੋਕ ਲਗਾ ਦਿੱਤੀ ਗਈ ਸੀ, ਜਿਸ ਕਾਰਨ ਸ. ਰੰਧਾਵਾ ਵਲੋਂ ਬਾਕੀ ਵਿਧਾਇਕਾਂ ਦੇ ਨਾਲ ਸੜਕ ਰਸਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਸੀ। ਉੱਤਰ ਪ੍ਰਦੇਸ਼ ਲਈ ਰਵਾਨਾ ਹੋਣ ਤੋਂ ਪਹਿਲਾਂ ਸ. ਰੰਧਾਵਾ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣਗੇ ਅਤੇ ਉੱਥੇ ਮੌਜੂਦ ਸਥਿਤੀ ਬਾਰੇ ਅਸਲ ਜਾਣਕਾਰੀ ਹਾਸਲ ਕਰਨਗੇ। ਸ: ਰੰਧਾਵਾ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਪੀੜਤਾਂ ਨੂੰ ਨਿਆਂ ਦੇਣ ਦਾ ਵਾਅਦਾ ਕਰਦਿਆਂ ਕਿਸਾਨਾਂ ਨੂੰ ਹਰ ਕੀਮਤ ‘ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
