ਥਾਣਾ ਸਿਟੀ ਸਾਊਥ ਦੇ ਖੇਤਰ ਮੁਹੱਲਾ ਕਿਸ਼ਨਪੁਰਾ ਵਿੱਚ ਉਸ ਸਮੇਂ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ, ਜਦੋਂ ਇੱਕ ਵਿਅਕਤੀ ਕੋਲ ਰੱਖੇ ਹੋਏ ਨਿੱਜੀ ਗੰਨਮੈਨ ਦੀ 12 ਬੋਰ ਦੀ ਰਾਈਫਲ ਨਾਲ 3 ਸਾਲਾ ਬੱਚੇ ਵੱਲੋਂ ਖੇਡਦੇ-ਖੇਡਦੇ ਕੀਤੀ ਗਈ ਛੇੜਛਾੜ ਕਾਰਨ ਅਚਾਨਕ ਗੋਲੀ ਚੱਲ ਗਈ। ਇਸ ਦੌਰਾਨ ਗੋਲੀ ਬੱਚੇ ਦੇ ਪੱਟ ਵਿੱਚ ਲੱਗ ਗਈ, ਜਿਸ ਕਾਰਨ ਬੱਚਾ ਲਹੂ-ਲੁਹਾਣ ਹੋ ਗਿਆ। ਪਰਿਵਾਰ ਦੇ ਮੈਂਬਰਾਂ ਵੱਲੋਂ ਉਸ ਨੂੰ ਤੁਰੰਤ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਆਮ ਆਦਮੀ ਪਾਰਟੀ ਦੇ ਯੂਥ ਆਗੂ ਪੁਨੀਤ ਸਾਜੀ ਨੇ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਨਿੱਜੀ ਤੌਰ ‘ਤੇ ਇੱਕ ਸਾਬਕਾ ਫੌਜੀ ਨੂੰ ਬਤੌਰ ਗੰਨਮੈਨ ਰੱਖਿਆ ਹੋਇਆ ਸੀ। ਸ਼ੁੱਕਰਵਾਰ ਨੂੰ ਸਾਬਕਾ ਫੌਜੀ ਰੋਜ਼ਾਨਾ ਦੀ ਤਰ੍ਹਾਂ ਆਪਣੀ 12 ਬੋਰ ਦੀ ਰਾਈਫਲ ਸਮੇਤ ਡਿਊਟੀ ‘ਤੇ ਤਾਇਨਾਤ ਸੀ। ਉਧਰ ਪੁਨੀਤ ਸਾਜੀ ਕਮਰੇ ਵਿੱਚ ਖਾਣਾ ਖਾ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਦਾ ਕਰੀਬ 3 ਸਾਲਾ ਪੁੱਤਰ ਸਕੂਲ ਵਿੱਚ ਪ੍ਰੀਖਿਆ ਦੇ ਕੇ ਘਰ ਪਹੁੰਚਿਆ।
ਜਿੱਥੇ ਗੰਨਮੈਨ ਦੀ ਲਾਪਰਵਾਹੀ ਕਾਰਨ ਅਨ-ਲੌਕ (unlock) ਪਈ ਹੋਈ 12 ਬੋਰ ਦੀ ਰਾਈਫਲ ਨਾਲ ਖੇਡਦੇ ਹੋਏ ਬੱਚਾ ਅਚਾਨਕ ਛੇੜਛਾੜ ਕਰਨ ਲੱਗਾ ਕਿ ਇਸੇ ਦੌਰਾਨ ਰਾਈਫਲ ਵਿੱਚੋਂ ਅਚਾਨਕ ਗੋਲੀ ਚੱਲ ਗਈ, ਜੋ ਮਾਸੂਮ ਬੱਚੇ ਦੇ ਪੱਟ ਵਿੱਚ ਜਾ ਲੱਗੀ। ਲਹੂ-ਲੁਹਾਣ ਹਾਲਤ ਵਿੱਚ ਪਿਤਾ ਵੱਲੋਂ ਬੱਚੇ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਿਊਟੀ ‘ਤੇ ਤਾਇਨਾਤ ਡਾਕਟਰਾਂ ਅਤੇ ਹੋਰ ਸਟਾਫ ਨੇ ਬੱਚੇ ਨੂੰ ਮੁਢਲਾ ਇਲਾਜ ਦੇਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ, ਘਟਨਾ ਤੋਂ ਬਾਅਦ ਨਿੱਜੀ ਤੌਰ ‘ਤੇ ਰੱਖਿਆ ਹੋਇਆ ਗਨਮੈਨ ਘਰੋਂ ਗਾਇਬ ਹੋ ਗਿਆ ਹੈ।
