ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਹਿੰਦੂ ਭਾਈਚਾਰੇ ਨਾਲ ਸਬੰਧਤ ਕਾਂਗਰਸੀ ਆਗੂਆਂ ਨੂੰ ਭਲਕੇ ਦੁਪਹਿਰ ਦੇ ਭੋਜ (ਲੰਚ) ਲਈ ਸੱਦਾ ਦਿੱਤਾ ਹੈ। ਕਰੀਬ ਡੇਢ ਦਰਜਨ ਆਗੂਆਂ ਨੂੰ ਦੁਪਹਿਰ ਦੇ ਖਾਣੇ ਲਈ ਸੱਦਾ ਦਿੱਤਾ ਗਿਆ ਹੈ। ਖਾਸ ਤੌਰ ’ਤੇ ਨਰਾਜ਼ ਕਾਂਗਰਸੀ ਆਗੂਆਂ ਦਾ ਹੁਣ ਅਮਰਿੰਦਰ ਸਿੰਘ ਗੁੱਸਾ ਠੰਢਾ ਕਰਨ ਦਾ ਯਤਨ ਕਰਨਗੇ। ਬਹੁਤੇ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਚਾਰ ਵਰ੍ਹਿਆਂ ਮਗਰੋਂ ਮੁੱਖ ਮੰਤਰੀ ਨੇ ਹੁਣ ਆਪਣੇ ਦਰਵਾਜ਼ੇ ਖੋਲ੍ਹੇ ਹਨ। ਪੰਜਾਬ ਕਾਂਗਰਸ ’ਚ ਬਗਾਵਤ ਉੱਠਣ ਮਗਰੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਇਕਾਂ ਅਤੇ ਵਜ਼ੀਰਾਂ ਪ੍ਰਤੀ ਮੋਹ ਦਿਖਾਉਣਾ ਸ਼ੁਰੂ ਕੀਤਾ ਹੈ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਭਲਕੇ ਕਾਂਗਰਸੀ ਆਗੂ ਅਸ਼ਵਨੀ ਸੇਖੜੀ, ਮਾਲਤੀ ਥਾਪਰ, ਰਮਨ ਭੱਲਾ, ਰਮਨ ਬਹਿਲ, ਵਿਜੇ ਕਾਲੜਾ ਸਮੇਤ ਡੇਢ ਦਰਜਨ ਕਾਂਗਰਸੀ ਆਗੂਆਂ ਨੂੰ ਲੰਚ ਲਈ ਸੱਦਿਆ ਹੈ। ਚੇਤੇ ਰਹੇ ਕਿ ਦੋ ਦਿਨ ਪਹਿਲਾਂ ਅਸ਼ਵਨੀ ਸੇਖੜੀ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋੋਣ ਤੋਂ ਐਨ ਮੌਕੇ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਫੋਨ ਕਰਕੇ ਰੋਕਿਆ ਸੀ।
ਮੁੱਖ ਮੰਤਰੀ ਨੂੰ ਡਰ ਹੈ ਕਿ ਹੋਰ ਕਾਂਗਰਸੀ ਆਗੂ ਵੀ ਅਲਵਿਦਾ ਆਖ ਸਕਦੇ ਹਨ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਨੂੰ ਭਲਕੇ ਮਿਲਣ ਦਾ ਪ੍ਰੋਗਰਾਮ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਅੱਜ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਆਪਣੇ ਪੁੱਤਰ ਅਰਜਨ ਪ੍ਰਤਾਪ ਸਿੰਘ ਬਾਜਵਾ ਸਮੇਤ ਲੰਚ ਕੀਤਾ। ਨੌਕਰੀ ਤਿਆਗਣ ਮਗਰੋਂ ਅਰਜਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਵਿਧਾਇਕ ਦੇ ਲੜਕੇ ਨੂੰ ਥਾਪੜਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਬਾਰੇ ਹਾਈ ਕਮਾਨ ਕੋਲ ਇਹ ਗੱਲ ਉਭਾਰੀ ਗਈ ਸੀ ਕਿ ਉਹ ਵਿਧਾਇਕਾਂ ਨੂੰ ਤਾਂ ਮਿਲਦੇ ਹੀ ਨਹੀਂ ਹਨ।
