ਪੰਜਾਬ ਪੁਲਿਸ ਨੇ ਇਕ ਹੋਰ ਵੱਡੀ ਸਫ਼ਲਤਾ ਹਾਸਲ ਕਰਦਿਆਂ ਮੁੰਬਈ ਦੇ ਨਹਾਵਾ ਸ਼ੇਵਾ ਬੰਦਰਗਾਹ ਵਿਖੇ ਇਕ ਕੰਟੇਨਰ ਤੋਂ ਲਗਭਗ 73 ਕਿੱਲੋ ਹੈਰੋਇਨ ਦੀ ਇਕ ਹੋਰ ਵੱਡੀ ਖੇਪ ਬਰਾਮਦ ਕੀਤੀ ਹੈ | ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਯੂ.ਏ.ਈ. ਤੋਂ ਹੈਰੋਇਨ ਦੀ ਤਸਕਰੀ ਸੰਬੰਧੀ ਮਿਲੀ ਖ਼ੁਫ਼ੀਆ ਜਾਣਕਾਰੀ ਮਿਲਣ ਉਪਰੰਤ ਪੰਜਾਬ ਪੁਲਿਸ ਤੇ ਮਹਾਰਾਸ਼ਟਰ ਪੁਲਿਸ ਦੀਆਂ ਟੀਮਾਂ ਵਲੋਂ ਸਾਂਝੇ ਤੌਰ ‘ਤੇ ਕਾਰਵਾਈ ਕੀਤੀ ਗਈ | ਪੰਜਾਬ ਪੁਲਿਸ ਵਲੋਂ ਇਹ ਵੱਡੀ ਖੇਪ ਗੁਜਰਾਤ ਦੇ ਮੁੰਦਰਾ ਬੰਦਰਗਾਹ ‘ਤੇ ਇਕ ਕੰਟੇਨਰ ਤੋਂ 75 ਕਿੱਲੋਗ੍ਰਾਮ ਹੈਰੋਇਨ ਬਰਾਮਦ ਕਰਨ ਦੇ 72 ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਬਰਾਮਦ ਕੀਤੀ ਗਈ ਹੈ | ਇਸ ਬਰਾਮਦਗੀ ਨਾਲ ਪੰਜਾਬ ਪੁਲਿਸ ਨੇ ਤਿੰਨ ਦਿਨਾਂ ਅੰਦਰ ਕੁੱਲ 148 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ | ਡੀ.ਜੀ.ਪੀ ਨੇ ਕਿਹਾ ਕਿ ਦਿੱਲੀ ਆਧਾਰਿਤ ਦਰਾਮਦਕਾਰ ਵਲੋਂ ਦਰਾਮਦ ਕੀਤੇ ਗਏ ਚਿੱਟੇ ਸੰਗਮਰਮਰ ਦੀਆਂ ਟਾਈਲਾਂ ਵਾਲੇ ਕੰਟੇਨਰ ਦੇ ਦਰਵਾਜ਼ੇ ਦੇ ਬਾਰਡਰ ‘ਚ ਨਸ਼ੀਲੇ ਪਦਾਰਥਾਂ ਨੂੰ ਛੁਪਾ ਕੇ ਰੱਖਿਆ ਗਿਆ ਸੀ | ਇਸ ਨਸ਼ੀਲੇ ਪਦਾਰਥ ਨੂੰ ਛੁਪਾਉਣ ਉਪਰੰਤ ਮੁਲਜ਼ਮਾਂ ਨੇ ਦਰਵਾਜ਼ੇ ਦੀ ਬਾਰਡਰ ਨੂੰ ਬੜੀ ਸਾਵਧਾਨੀ ਨਾਲ ਵੈਲਡ ਕਰਕੇ ਇਸ ਨੂੰ ਦੁਬਾਰਾ ਪੇਂਟ ਕੀਤਾ ਹੋਇਆ ਸੀ | ਡੀ.ਜੀ.ਪੀ. ਨੇ ਇਸ ਬਰਾਮਦਗੀ ਨੂੰ ਪੰਜਾਬ ਪੁਲਿਸ ਦੀ ਇਕ ਹੋਰ ਪ੍ਰਾਪਤੀ ਕਰਾਰ ਦਿੰਦਿਆਂ ਕਿਹਾ ਕਿ ਇਹ ਬਰਾਮਦਗੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੀ ਨਿਰੰਤਰਤਾ ਵਿਚ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਸੂਹ ਮਿਲਣ ਉਪਰੰਤ ਪੰਜਾਬ ਪੁਲਿਸ ਦੇ ਸੂਬਾ ਵਿਸ਼ੇਸ਼ ਆਪੇ੍ਰਸ਼ਨ ਸੈੱਲ (ਐਸ. ਐਸ. ਓ. ਸੀ.) ਐਸ.ਏ.ਐਸ. ਨਗਰ ਨੇ ਤੁਰੰਤ ਇਕ ਪੁਲਿਸ ਟੀਮ ਨੂੰ ਮੁੰਬਈ ਭੇਜਿਆ ਤੇ ਨਾਹਵਾ ਸੇਵਾ ਬੰਦਰਗਾਹ ‘ਤੇ ਤਾਇਨਾਤ ਕਰ ਦਿੱਤਾ | ਡੀ.ਜੀ.ਪੀ. ਨੇ ਕਿਹਾ ਕਿ ਮਹਾਰਾਸ਼ਟਰ ਪੁਲਿਸ ਦੁਆਰਾ ਉਚਿਤ ਪ੍ਰਕਿਰਿਆ ਅਤੇ ਦਸਤਾਵੇਜ਼ਾਂ ਦੀ ਪਾਲਣਾ ਕਰਨ ਤੋਂ ਬਾਅਦ, ਕੰਟੇਨਰ ਨੂੰ ਖੋਲਿ੍ਹਆ ਗਿਆ, ਜਿਸ ਤੋਂ 73 ਕਿੱਲੋਗਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ | ਉਨ੍ਹਾਂ ਕਿਹਾ ਕਿ ਪੁਲਿਸ ਅਗਲੇ-ਪਿਛਲੇ ਸੰਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ |
