ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਲੀਡਰ ਸੁਖਜਿੰਦਰ ਸਿੰਘ ਵੱਡੀ ਮੁਸੀਬਤ ਵਿਚ ਘਿਰ ਸਕਦੇ ਹਨ ਕਿਉਂਕਿ ਉਹਨਾਂ ਖਿਲਾਫ਼ ਕੋਟਾ ਦੀ ਇਕ ਅਦਾਲਤ ਨੇ ਪੁਲਿਸ ਨੂੰ ਮੁਕੱਦਮਾ ਦਰਜ ਕਰਨ ਦੇ ਹੁਕਮ ਦੇ ਦਿੱਤੇ ਹਨ। ਦਰਅਸਲ, ਮਾਮਲਾ ਕੁਝ ਇਸ ਤਰੀਕੇ ਦਾ ਹੈ ਕਿ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਵਿਵਾਦਿਤ ਭਾਸ਼ਣ ਦਿੱਤਾ ਸੀ। 13 ਮਾਰਚ ਨੂੰ ਸੁਖਜਿੰਦਰ ਰੰਧਾਵਾ ਨੇ ਰਾਜ ਭਵਨ ਘਿਰਾਓ ਤੋਂ ਬਾਅਦ ਵਿਵਾਦਿਤ ਭਾਸ਼ਣ ਦਿੱਤਾ। ਉਨ੍ਹਾਂ ਨੇ ਦੇਸ਼ ਨੂੰ ਬਚਾਉਣ ਲਈ ਮੋਦੀ ਨੂੰ ਖ਼ਤਮ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਸੀ, ‘‘ਆਪਣੀ ਲੜਾਈ ਖ਼ਤਮ ਕਰੋ, ਮੋਦੀ ਨੂੰ ਖ਼ਤਮ ਕਰਨ ਦੀ ਗੱਲ ਕਰੋ। ਜੇ ਮੋਦੀ ਖ਼ਤਮ ਹੋ ਗਿਆ ਤਾਂ ਹਿੰਦੁਸਤਾਨ ਬਚ ਜਾਵੇਗਾ। ਜੇਕਰ ਮੋਦੀ ਰਿਹਾ ਤਾਂ ਹਿੰਦੁਸਤਾਨ ਖ਼ਤਮ ਹੋ ਜਾਵੇਗਾ।’’
ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਉਹ ਸਿਆਸੀ ਰੂਪ ’ਚ ਖ਼ਤਮ ਕਰਨ ਦੀ ਗੱਲ ਕਰ ਰਹੇ ਸਨ। ਰੰਧਾਵਾ ਦੇ ਭਾਸ਼ਣ ਤੋਂ ਬਾਅਦ ਵਿਧਾਇਕ ਮਦਨ ਦਿਲਾਵਰ ਵਰਕਰਾਂ ਅਤੇ ਭਾਜਪਾ ਨੇਤਾਵਾਂ ਨਾਲ ਮਹਾਵੀਰ ਨਗਰ ਥਾਣੇ ਪੁੱਜੇ ਤੇ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਨੇ ਮੁਕੱਦਮਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਵਿਧਾਇਕ ਦਿਲਾਵਰ ਨੇ ਥਾਣਾ ਕੰਪਲੈਕਸ ’ਚ ਹੀ ਧਰਨਾ ਦਿੱਤਾ ਸੀ। ਉਥੇ ਹੀ ਮੁਕੱਦਮਾ ਪੇਸ਼ ਹੋਣ ਤੋਂ ਬਾਅਦ 10 ਮਈ ਨੂੰ ਅਦਾਲਤ ਨੇ ਐੱਸ. ਪੀ. ਸ਼ਰਦ ਚੌਧਰੀ ਤੋਂ ਰਿਪੋਰਟ ਮੰਗੀ ਸੀ। ਫਿਰ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਲੜੀ 6 ’ਚ ਕਾਂਗਰਸ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ਼ ਮੁਕੱਦਮਾ ਪੇਸ਼ ਕੀਤਾ ਗਿਆ ਸੀ। ਇਸ ਮਾਮਲੇ ‘ਚ ਕੋਰਟ ਨੇ ਸੁਣਵਾਈ ਕਰਦਿਆਂ ਸੋਮਵਾਰ ਨੂੰ ਮਹਾਵੀਰ ਨਗਰ ਥਾਣੇ ਦੀ ਪੁਲਿਸ ਨੂੰ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।
