ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਦੋਹੋਮੋਨੀ ਨੇੜੇ ਵੀਰਵਾਰ ਸ਼ਾਮ ਨੂੰ ਬੀਕਾਨੇਰ-ਗੁਹਾਟੀ ਐਕਸਪ੍ਰੈੱਸ ਰੇਲ ਗੱਡੀ ਦੇ 12 ਡੱਬਿਆਂ ਦੇ ਪੱਟੜੀ ਤੋਂ ਉਤਰ ਜਾਣ ਤੇ ਪਲਟ ਜਾਣ ਕਾਰਨ ਘੱਟੋ-ਘੱਟ 7 ਯਾਤਰੀ ਮਾਰੇ ਗਏ ਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ ਹਨ। ਟੀ.ਵੀ. ਫੁੱਟੇਜ ‘ਚ ਕਈ ਡੱਬੇ ਪੱਟੜੀ ਤੋਂ ਹੇਠਾਂ ਡਿੱਗੇ ਵਿਖਾਈ ਦੇ ਰਹੇ ਹਨ ਅਤੇ ਬਚਾਅ ਕਰਮਚਾਰੀਆਂ ਵਲੋਂ ਯਾਤਰੀਆਂ ਨੂੰ ਡੱਬਿਆਂ ‘ਚੋਂ ਕੱਢਿਆ ਜਾ ਰਿਹਾ ਹੈ। ਜਲਪਾਈਗੁੜੀ ਦੇ ਜ਼ਿਲ੍ਹਾ ਮੈਜਿਸਟ੍ਰੇਟ (ਡੀ.ਐਮ.) ਨੇ 7 ਯਾਤਰੀਆਂ ਦੇ ਮਾਰੇ ਜਾਣ ਤੇ 45 ਤੋਂ ਵੱਧ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਉੱਤਰ-ਪੂਰਬੀ ਫਰੰਟੀਅਰ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਇਕ ਮੈਡੀਕਲ ਟੀਮ ਦੇ ਨਾਲ ਇਕ ਦੁਰਘਟਨਾ ਰਾਹਤ ਰੇਲ ਗੱਡੀ ਹਾਦਸੇ ਵਾਲੇ ਸਥਾਨ ‘ਤੇ ਪੁੱਜ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੇਲਵੇ ਮੰਤਰੀ ਨੇ ਹਾਦਸੇ ‘ਚ ਮਰਨ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
