ਪੰਜਾਬ ‘ਚ ਮੌਨਸੂਨ (Monsoon IN Punjab) ਪੂਰੀ ਤਰ੍ਹਾਂ ਸਰਗਰਮ ਹੈ। ਸ਼ਨਿੱਚਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਤੋਂ ਬਾਅਦ ਐਤਵਾਰ ਨੂੰ ਵੀ ਲੁਧਿਆਣਾ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ, ਮੋਹਾਲੀ, ਰੋਪੜ ‘ਚ ਵੀ ਮੌਨਸੂਨ ਦੀ ਬਾਰਿਸ਼ ਹੋਈ। ਇਸ ਕਾਰਨ ਇਨ੍ਹਾਂ ਸਾਰੇ ਜ਼ਿਲ੍ਹਿਆਂ ‘ਚ ਦਿਨ ਦਾ ਤਾਪਮਾਨ ਆਮ ਨਾਲੋਂ ਦੋ ਤੋਂ ਤਿੰਨ ਡਿਗਰੀ ਘੱਟ ਦਰਜ ਕੀਤਾ ਗਿਆ। ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਲੁਧਿਆਣਾ ‘ਚ 11.6 ਮਿਲੀਮੀਟਰ, ਰੋਪੜ ‘ਚ 2.2 ਮਿਲੀਮੀਟਰ, ਮੁਹਾਲੀ ‘ਚ 1.2 ਮਿਲੀਮੀਟਰ, ਫਤਿਹਗੜ੍ਹ ਸਾਹਿਬ ਵਿੱਚ 0.5 ਮਿਲੀਮੀਟਰ ਅਤੇ ਚੰਡੀਗੜ੍ਹ ਵਿੱਚ 2.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਅਨੁਸਾਰ ਸੋਮਵਾਰ ਤੇ ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। 13 ਜੁਲਾਈ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਦੋ ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਖਾਸ ਕਰਕੇ ਪਹਾੜੀ ਖੇਤਰਾਂ ਨਾਲ ਲੱਗਦੇ ਜ਼ਿਲ੍ਹਿਆਂ ‘ਚ ਆਮ ਨਾਲੋਂ ਵੱਧ ਬਾਰਿਸ਼ ਹੋ ਸਕਦੀ ਹੈ।
