ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਪੁਣਛ ‘ਚ ਜੇ. ਸੀ. ਓ. ਸਮੇਤ ਦੋ ਹੋਰ ਜਵਾਨ ਸ਼ਹੀਦ ਹੋ ਗਏ | ਪੁਣਛ ਦੇ ਸੂਰਨਕੋਟ ਤੇ ਮੇਂਧਰ ਅਤੇ ਰਾਜੌਰੀ ਦੇ ਜੰਗਲੀ ਇਲਾਕਿਆਂ ‘ਚ ਅੱਤਵਾਦੀਆਂ ਵਿਰੁੱਧ ਸੋਮਵਾਰ ਤੋਂ ਸ਼ੁਰੂ ਕੀਤੇ ਆਪ੍ਰੇਸ਼ਨ ਦੌਰਾਨ ਹੁਣ ਤੱਕ 9 ਜਵਾਨ ਸ਼ਹੀਦ ਹੋ ਚੁੱਕੇ ਹਨ | ਅਧਿਕਾਰੀਆਂ ਨੇ ਦੱਸਿਆ ਕਿ ਪੁਣਛ ਅਤੇ ਰਾਜੌਰੀ ਦੇ ਸਰਹੱਦੀ ਇਲਾਕਿਆਂ ‘ਚ ਆਪ੍ਰੇਸ਼ਨ ਅਜੇ ਜਾਰੀ ਹੈ | ਪੁਣਛ ਦੇ ਭਿੰਬਰ ਗਲੀ, ਨਾੜਖਾਸ ਦੇ ਸੰਘਣੇ ਜੰਗਲੀ ਇਲਾਕਿਆਂ ‘ਚ ਤਲਾਸ਼ੀ ਆਪੇ੍ਰਸ਼ਨ ਦੇ ਚੱਲਦੇ ਅੱਜ ਫ਼ੌਜ ਨੇ ਪੈਰਾ ਕਮਾਂਡੋ ਦੇ ਇਲਾਵਾ ਖ਼ੋਜੀ ਕੁੱਤਿਆਂ ਨੂੰ ਆਪੇ੍ਰਸ਼ਨ ‘ਚ ਉਤਾਰ ਦਿੱਤਾ ਅਤੇ ਹੈਲੀਕਾਪਟਰ ਅਤੇ ਡਰੋਨ ਦੁਆਰਾ ਆਪ੍ਰੇਸ਼ਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ | ਇਸੇ ਦੌਰਾਨ ਅੱਜ ਫ਼ੌਜ ਨੂੰ ਜੇ. ਸੀ. ਓ. ਅਜੇ ਸਿੰਘ ਅਤੇ ਜਵਾਨ ਹਰੇਂਦਰ ਸਿੰਘ ਦੀ ਲਾਸ਼ਾਂ ਮਿਲੀਆਂ ਹਨ ਅਤੇ ਦੋਵੇਂ ਵੀਰਵਾਰ ਨੂੰ ਹੋਈ ਗੋਲੀਬਾਰੀ ਦੌਰਾਨ ਲਾਪਤਾ ਹੋ ਗਏ ਸਨ | ਨਾੜ ਭਟਾ ਡੋਰੀਆ ਖ਼ਾਸ ਦੇ ਸੰਘਣੇ ਜੰਗਲੀ ਇਲਾਕੇ ‘ਚ ਸ਼ਹੀਦ ਜਵਾਨਾਂ ਦੀ ਗਿਣਤੀ 4 ਤੱਕ ਪਹੁੰਚ ਗਈ ਹੈ | ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪੁਣਛ ਦੇ ਸੂਰਨਕੋਟ ਇਲਾਕੇ ‘ਚ ਸ਼ੁਰੂ ਹੋਏ ਮੁਕਾਬਲੇ ‘ਚ ਜੇ.ਓ.ਸੀ. ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਵੀਰਵਾਰ ਨੂੰ ਅੱਤਵਾਦੀਆਂ ਵਲੋਂ ਕੀਤੇ ਦੂਜੇ ਹਮਲੇ ‘ਚ 2 ਰਾਈਫ਼ਲ ਮੈਨ ਸ਼ਹੀਦ ਹੋ ਗਏ ਸਨ ਅਤੇ ਜੇ.ਸੀ.ਓ. ਅਤੇ ਇਕ ਜਵਾਨ ਲਾਪਤਾ ਹੋ ਗਏ ਸਨ | ਰਾਜੌਰੀ-ਪੁਣਛ ਰੇਂਜ ਦੇ ਡੀ. ਆਈ. ਜੀ. ਵਿਵੇਕ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਰੀਬ ਢਾਈ ਮਹੀਨੇ ਪਹਿਲਾਂ ਪੁਣਛ ਅਤੇ ਰਾਜੌਰੀ ਦੇ ਸਰਹੱਦੀ ਜੰਗਲੀ ਇਲਾਕਿਆਂ ‘ਚ ਅੱਤਵਾਦੀਆਂ ਮੌਜੂਦਗੀ ਦੇਖੀ ਗਈ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਟਰੈਕ ਕਰਨ ਲਈ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਸੰਘਣਾ ਜੰਗਲੀ ਪਹਾੜੀ ਇਲਾਕਾ ਹੋਣ ਕਾਰਨ ਆਪ੍ਰੇਸ਼ਨ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
