ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਭਾਰਤ ‘ਚ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਦੇ ਇਕ ਦਿਨ ‘ਚ ਸਭ ਤੋਂ ਵੱਧ 309 ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਦੇਸ਼ ‘ਚ ਅਜਿਹੇ ਮਾਮਲਿਆਂ ਦੀ ਗਿਣਤੀ 1,270 ਹੋ ਗਈ ਹੈ, ਜਦੋਂਕਿ ਬੀਤੇ 24 ਘੰਟਿਆਂ ‘ਚ 16,764 ਤਾਜ਼ਾ ਕੋਵਿਡ-19 ਕੇਸਾਂ ਸਮੇਤ 220 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ | 23 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚੋਂ ਜਿਨ੍ਹਾਂ ‘ਚ ਹੁਣ ਤੱਕ ਓਮੀਕਰੋਨ ਦੇ ਕੇਸ ਦਰਜ ਕੀਤੇ ਗਏ ਹਨ, ਮਹਾਰਾਸ਼ਟਰ ‘ਚ ਸਭ ਤੋਂ ਵੱਧ 450, ਦਿੱਲੀ (320), ਕੇਰਲਾ (109) ਅਤੇ ਗੁਜਰਾਤ (97) ਵਿਚ ਦਰਜ਼ ਹੋਏ ਹਨ | ਦੇਸ਼ ‘ਚ ਕੋਵਿਡ-19 ਦੇ ਪੀੜਤਾਂ ਦਾ ਕੁੱਲ ਅੰਕੜਾ 3,48,38,804 ਹੋ ਗਿਆ ਹੈ, ਜਦੋਂਕਿ ਵਾਇਰਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ 91,361 ਹੋ ਗਈ ਹੈ | ਅੰਕੜਿਆਂ ਅਨੁਸਾਰ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 4,81,080 ਹੋ ਗਈ ਹੈ | ਮੰਤਰਾਲੇ ਅਨੁਸਾਰ ਸਰਗਰਮ ਮਰੀਜ਼ ਕੁੱਲ ਕੇਸਾਂ ਦਾ 0.26 ਫ਼ੀਸਦੀ ਹਨ, ਜਦੋਂਕਿ ਰਾਸ਼ਟਰੀ ਕੋਵਿਡ-19 ਸਿਹਤਯਾਬੀ ਦਰ 98.36 ਫ਼ੀਸਦੀ ਹੈ | ਕੋਵਿਡ-19 ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 3,42,66,363 ਹੋ ਗਈ ਹੈ, ਜਦੋਂਕਿ ਕੇਸਾਂ ਦੀ ਮੌਤ ਦਰ 1.38 ਫ਼ੀਸਦੀ ਦਰਜ ਕੀਤੀ ਗਈ ਹੈ | ਦੇਸ਼ ‘ਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ ਖੁਰਾਕਾਂ ਦੀ ਸੰਚਤ ਸੰਖਿਆ 144.54 ਕਰੋੜ ਤੋਂ ਵੱਧ ਗਈ ਹੈ |
