ਕੇਂਦਰ ਸਰਕਾਰ ਦੀਆਂ ਕਿਰਤ ਵਿਰੋਧੀ ਨੀਤੀਆਂ ਖਿਲਾਫ਼ ਦੋ ਦਿਨਾ ਭਾਰਤ ਬੰਦ ਦਾ ਐਲਾਨ ਕੀਤਾ ਹੈ | 28 ਅਤੇ 29 ਮਾਰਚ ਨੂੰ ਕੀਤੇ ਜਾਣ ਵਾਲੇ ਭਾਰਤ ਬੰਦ ਅਤੇ ਹੜਤਾਲ ‘ਚ ਬੈਂਕ ਯੂਨੀਅਨਾਂ ਨੇ ਵੀ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ ਹੈ | ਹੜਤਾਲ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਚੌਥੇ ਸਨਿਚਰਵਾਰ ਅਤੇ ਐਤਵਾਰ ਨੂੰ ਵੀ ਬੈਂਕਾਂ ‘ਚ ਛੁੱਟੀ ਹੋਣ ਕਾਰਨ ਬੈਂਕਿੰਗ ਸੇਵਾਵਾਂ ਬੰਦ ਸਨ | ਹੜਤਾਲ ਕਾਰਨ ਸੋਮਵਾਰ ਅਤੇ ਮੰਗਲਵਾਰ ਨੂੰ ਬੈੈਂਕਿੰਗ ਸੇਵਾਵਾਂ ਠੱਪ ਰਹਿਣਗੀਆਂ | ਬੈਂਕ ਮੁਲਾਜ਼ਮਾਂ ਵਲੋਂ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਅਤੇ ਬੈਂਕਿੰਗ ਕਾਨੂੰਨ ਸੋਧ ਬਿੱਲ 2021 ਖਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਹੜਤਾਲ ‘ਚ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ, ਬੈਂਕ ਇੰਪਲਾਈਜ਼, ਫੈਡਰੇਸ਼ਨ ਆਫ਼ ਇੰਡੀਆ ਤੋਂ ਇਲਾਵਾ ਬੈਂਕ ਅਧਿਕਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਆਲ ਇੰਡੀਆ ਬੈਂਕ ਆਫ਼ਿਸਰਜ਼ ਐਸੋਸੀਏਸ਼ਨ ਵੀ ਸ਼ਾਮਿਲ ਹੋਵੇਗੀ | ਦੇਸ਼ ਭਰ ‘ਚ 10 ਤੋਂ ਵੱਧ ਟਰੇਡ ਯੂਨੀਅਨਾਂ ਇਸ ਦੋ ਦਿਨਾ ਹੜਤਾਲ ਦਾ ਸਮਰਥਨ ਕਰ ਰਹੀਆਂ ਹਨ, ਜਿਸ ‘ਚ ਸੰਗਠਿਤ ਅਤੇ ਅਸੰਗਠਿਤ ਖੇਤਰ ਦੇ ਕਿਰਤੀ ਵੀ ਸ਼ਾਮਿਲ ਹਨ | ਟਰੇਡ ਯੂਨੀਅਨਾਂ ਵਲੋਂ ਇਸ ਹੜਤਾਲ ਦਾ ਫ਼ੈਸਲਾ 22 ਮਾਰਚ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ ਸੀ | ਯੂਨੀਅਨਾਂ ਨੇ ਸਰਕਾਰ ਦੀਆਂ ਨੀਤੀਆਂ ਨੂੰ ‘ਮਜ਼ਦੂਰ ਵਿਰੋਧੀ’ , ਕਿਸਾਨ ਵਿਰੋਧੀ, ਲੋਕ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਨੀਤੀਆਂ ਕਰਾਰ ਦਿੰਦਿਆਂ ਦੋ ਦਿਨਾ ਦੇ ਭਾਰਤ ਬੰਦ ਦਾ ਸੱਦਾ ਦਿੱਤਾ | ਇਸ ਹੜਤਾਲ ਦਾ ਬੈਂਕਿੰਗ ਸੈਕਟਰ ਵਲੋਂ ਮਿਲੇ ਸਮਰਥਨ ਤੋਂ ਬਾਅਦ ਆਮ ਲੋਕਾਂ ਦਾ ਜੀਵਨ ਕਾਫ਼ੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ | ਬੈਂਕ ਅਧਿਕਾਰੀਆਂ ਦਾ ਮੰਨਣਾ ਹੈ ਕਿ ਜਦੋਂ ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿਣਗੇ ਤਾਂ ਬੈਂਕ ਾਂ ਦੇ ਏ. ਟੀ. ਐਮ. ਵੀ ਖਾਲੀ ਹੋਣ ਦੇ ਅੰਦੇਸ਼ੇ ਪ੍ਰਗਟਾਏ ਜਾ ਰਹੇ ਹਨ | ਬੈਂਕ ਅਧਿਕਾਰੀਆਂ ਮੁਤਾਬਿਕ ਜਿਹੜੇ ਏ. ਟੀ. ਐਮ. ‘ਤੇ ਨਕਦੀ ਭਰਨ ਦਾ ਕੰਮ ਬੈਂਕ ਸਟਾਫ਼ ਵਲੋਂ ਕੀਤਾ ਜਾਂਦਾ ਹੈ, ਉਥੇ ਗਾਹਕਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਬੈਂਕਾਂ ‘ਚ ਕਈ ਅਜਿਹੇ ਮੁਲਾਜ਼ਮ ਵੀ ਹਨ ਜੋ ਸੇਵਾ ਮੁਕਤ ਹੋਣ ਵਾਲੇ ਹਨ, ਜੇਕਰ ਉਹ ਹੜਤਾਲ ‘ਚ ਸ਼ਾਮਿਲ ਹੁੰਦੇ ਹਨ, ਤਾਂ ਉਨ੍ਹਾਂ ਦੀਆਂ ਸੁਵਿਧਾਵਾਂ ‘ਚ ਕੋਈ ਅਸਰ ਨਹੀਂ ਪਵੇਗਾ | ਬੈਂਕਿੰਗ ਤੋਂ ਇਲਾਵਾ ਕੋਲਾ, ਸਟੀਲ, ਤੇਲ, ਫੋਨ ਸੇਵਾਵਾਂ, ਡਾਕ ਵਿਭਾਗ ਅਤੇ ਬੀਮਾ ਨਾਲ ਜੁੜੇ ਮੁਲਾਜ਼ਮਾਂ ਦੀ ਵੀ ਇਸ ਹੜਤਾਲ ‘ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ | ਰੇਲਵੇ ਅਤੇ ਰੱਖਿਆ ਵਿਭਾਗ ਦੇ ਮੁਲਾਜ਼ਮਾਂ ਦੇ ਵੀ ਇਸ ਹੜਤਾਲ ‘ਚ ਸ਼ਾਮਿਲ ਹੋਣ ਦੇ ਕਿਆਸ ਲਾਏ ਜਾ ਰਹੇ ਹਨ |
