ਜੰਗ ਬੇਸ਼ੱਕ ਕਿਸੇ ਵੀ ਤਰ੍ਹਾਂ ਦੀ ਹੋਵੇ ਇਸਦੇ ਸਿੱਟੇ ਹਮੇਸ਼ਾ ਮਾੜੇ ਹੀ ਹੁੰਦੇ ਹਨ। ਅਮਰੀਕਾ-ਇਜਰਾਇਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਪੂਰੀ ਦੁਨੀਆਂ ਤੇ ਮਾੜਾ ਅਸਰ ਪਾ ਰਹੀ ਹੈ। ਹੁਣ ਇਸ ਟਕਰਾਅ ਦਾ ਸੇਕ ਪੰਜਾਬ ਤੱਕ ਪਹੁੰਚ ਗਿਆ ਹੈ। ਜੰਗ ਨੇ ਕੋਲੇ ਦੀ ਕੀਮਤ ਢਾਈ ਗੁਣਾ ਵਧਾ ਦਿੱਤੀ ਹੈ। ਜਿੱਥੇ ਇਹ ਕੋਲਾ ਦੋ ਮਹੀਨੇ ਪਹਿਲਾਂ 10 ਹਜਾਰ ਰੁਪਏ ਪ੍ਰਤੀ ਟਨ ਮਿਲਦਾ ਸੀ ਹੁਣ 27 ਹਜ਼ਾਰ ਦੇ ਕਰੀਬ ਪਹੁੰਚ ਚੁੱਕਿਆ ਹੈ। ਭੱਠਿਆਂ ਵਿੱਚ ਇੱਟਾਂ ਕੋਲੇ ਦੇ ਬਗੈਰ ਬਣ ਹੀ ਨਹੀਂ ਸਕਦੀਆਂ ਤੇ ਕੋਲੇ ਦੀ ਕੀਮਤ ਵਧਣ ਨਾਲ ਇੱਟ ਵੀ 6000 ਤੋਂ ਸਿੱਧੀ 10 ਹਜਾਰੀ ਹੋ ਗਈ ਹੈ, ਜਿਸ ਨਾਲ ਆਮ ਲੋਕਾਂ ਦਾ ਤਾਂ ਘਰ ਬਣਾਉਣ ਦਾ ਸੁਪਨਾ ਮਹਿੰਗਾ ਹੋਇਆ ਹੀ ਹੈ, ਕਈ ਭੱਠੇ ਬੰਦ ਹੋਣ ਕਾਰਨ ਲੇਬਰ ਵੀ ਵਿਹਲੀ ਹੋ ਕੇ ਬੈਠ ਗਈ ਹੈ।
ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਦਲਬੀਰ ਸਿੰਘ ਅਤੇ ਜਿਲਾ ਪ੍ਰਧਾਨ ਰਜੀਵ ਬਜਾਜ ਦਾ ਕਹਿਣਾ ਹੈ ਕਿ ਪੰਜਾਬ ਦੀ ਸਭ ਤੋਂ ਵੱਡੀ ਇੱਟ ਮੰਡੀ ਦੇ ਰੂਪ ਵਿੱਚ ਜਾਣੇ ਜਾਂਦੇ ਦੀਨਾ ਨਗਰ ਇਲਾਕੇ ਵਿਚ 47 ਵਿੱਚੋਂ 40 ਭੱਠੇ ਕੋਲੇ ਦੀ ਕੀਮਤ ਢਾਈ ਗੁਣਾ ਵਧਣ ਕਾਰਨ ਬੰਦ ਹੋ ਚੁੱਕੇ ਹਨ । ਇਸ ਨਾਲ ਭੱਠਾ ਇੰਡਸਟਰੀ ਨਾਲ ਜੁੜੀ ਪੂਰੀ ਦੀ ਪੂਰੀ ਚੈਨ ਰੁਕ ਗਈ ਹੈ।
ਕਿਉਂਕਿ ਭੱਠਾ ਇੰਡਸਟਰੀ ਦੇ ਮਜ਼ਦੂਰਾਂ ਦੇ ਨਾਲ ਨਾਲ ਸੀਮੇਂਟ ਸਰੀਏ ਦੇ ਦੁਕਾਨਦਾਰ, ਮਕਾਨ ਇਮਾਰਤ ਉਸਾਰੀ ਕਰਨ ਵਾਲੇ ਮਜ਼ਦੂਰ, ਟਰੈਕਟਰ ਟਰਾਲੀਆਂ ਵਾਲੇ ਅਤੇ ਹੋਰ ਵੀ ਕਈ ਲੋਕ ਵਿਹਲੇ ਹੋ ਕੇ ਬੈਠ ਗਏ ਹਨ।
