ਗੁਰਦਾਸਪੁਰ ਦੇ ਥਾਣਾ ਸਦਰ ਵਿੱਚ ਪੈਂਦੇ ਪਿੰਡ ਸਲੇਮਪੁਰ ਅਰਾਈਆਂ ਵਿੱਚ ਬੀਤੀ ਰਾਤ 4 ਹੈਂਡ ਗ੍ਰਨੇਡ ਅਤੇ ਟਿਫਨ ਬੰਬ ਮਿਲਣ ਕਾਰਨ ਪੁਲਿਸ ਦੀ ਸਿਰਦਰਦੀ ਹੋਰ ਵਧ ਗਈ ਹੈ। ਪੁਲਿਸ ਨੂੰ ਜਿਲਾ ਗੁਰਦਾਸਪੁਰ ਦੇ ਆਸ-ਪਾਸ ਦੇ ਇਲਾਕਿਆਂ ਵਿਚੋਂ ਲਗਾਤਾਰ ਵਿਸਫੋਟਕ ਸਮੱਗਰੀ ਬਰਾਮਦ ਹੋ ਰਹੀ ਹੈ। ਸ਼ੁਰੂਆਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਤੋਂ ਹੋਈ ਸੀ ਜਿਨ੍ਹਾਂ ਦੇ ਪਾਕਿਸਤਾਨੀ ਸਮਗਲਰਾਂ ਨਾਲ ਸਬੰਧਤ ਸੀ। ਇਨ੍ਹਾਂ ਨੂੰ ਸਥਾਨਕ ਭੈਣੀ ਮੀਆਂ ਖਾਂ ਪੁਲਿਸ ਨੇ ਇੱਕ ਬੱਤੀ ਬੋਰ ਦੀ ਪਿਸਤੌਲ ਅਤੇ ਕਾਰਤੂਸ ਸਮੇਤ ਫੜਿਆ ਸੀ ਬਾਅਦ ਵਿੱਚ ਇਹਨਾਂ ਦੀ ਨਿਸ਼ਾਨਦੇਹੀ ਤੋਂ ਦੋ ਗ੍ਰੇਨੇਡ ਬਰਾਮਦ ਹੋਏ ਸਨ, ਜੋ 22 ਨਵੰਬਰ ਨੂੰ ਪਠਾਨਕੋਟ ਦੇ ਆਰਮੀ ਏਰੀਆ ਵਿਚ ਦੌ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਸੁੱਟੇ ਗਏ ਗ੍ਰਨੇਡ ਨਾਲ ਮਿਲਦੇ-ਜੁਲਦੇ ਸਨ। ਦੋ ਦਿਨ ਬਾਅਦ ਹੀ ਜ਼ਿਲ੍ਹਾ ਅੰਮ੍ਰਿਤਸਰ ਦੇ ਲਾਗੇ ਇਕ ਹੋਰ ਨੌਜਵਾਨ ਸੁਖਵਿੰਦਰ ਸਿੰਘ ਦੀਨਾਨਗਰ ਪੁਲਿਸ ਦੇ ਹੱਥ ਚੜ੍ਹ ਗਿਆ ਜਿਸ ਤੋਂ 900 ਗ੍ਰਾਮ ਆਰ ਡੀ ਐਕਸ ਅਤੇ ਹੋਰ ਸਮਗਰੀ ਪੁਲਿਸ ਨੂੰ ਬਰਾਮਦ ਹੋਈ। ਜ਼ਾਹਿਰ ਤੌਰ ਤੇ ਇਹ ਸਮੱਗਰੀ ਕਿਸੇ ਨਾ ਕਿਸੇ ਵੱਡੀ ਅੱਤਵਾਦੀ ਵਾਰਦਾਤ ਵਿੱਚ ਵਰਤੀ ਜਾਣੀ ਸੀ।
ਹੁਣ ਕਲ ਦੋ ਦਸੰਬਰ ਦੀ ਰਾਤ ਅੱਠ ਵਜੇ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਸਲੇਮਪੁਰ ਅਰਾਈਆਂ ਵਿਚ ਸੜਕ ਕਿਨਾਰੇ ਪੁਲਿਸ ਨੂੰ ਗਸ਼ਤ ਦੌਰਾਨ 4 ਗਰਨੇਡ ਅਤੇ ਇੱਕ ਟਿਫਨ ਬੰਬ ਇਕ ਪੀਲੇ ਰੰਗ ਦੇ ਬੋਰੇ ਵਿੱਚ ਲਾਵਾਰਸ ਹਾਲਤ ਵਿੱਚ ਪਏ ਮਿਲੇ। ਇਸ ਸਬੰਧ ਵਿਚ ਥਾਣਾ ਸਦਰ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਇਹ ਸੜਕ ਉਹੀ ਹੈ ਜੋ ਗੁਰਦਾਸਪੁਰ ਤੋ ਕਰਤਾਰਪੁਰ ਸਾਹਿਬ ਵੱਲ ਜਾਂਦੀ ਹੈ ਅਤੇ ਪਹਿਲਾ ਹੀ ਇਹ ਚਿੰਤਾਵਾਂ ਜਿਤਾਈਆਂ ਜਾ ਰਹੀਆਂ ਹਨ ਕਿ ਅੱਤਵਾਦੀ ਘੁਸਪੈਠ ਅਤੇ ਗਤੀ ਵਿਧੀਆਂ ਲਈ ਪਾਕਿਸਤਾਨ ਕਰਤਾਰਪੁਰ ਕੋਰੀਡੋਰ ਦਾ ਇਸਤੇਮਾਲ ਕਰ ਸਕਦਾ ਹੈ। ਪੁਲਿਸ ਦੇ ਅਧਿਕਾਰੀ ਇਸ ਬਾਰੇ ਫਿਲਹਾਲ ਜ਼ਿਆਦਾ ਬੋਲਣ ਨੂੰ ਤਿਆਰ ਨਹੀਂ ਹਨ ਪਰ ਸਮਝਿਆ ਜਾ ਰਿਹਾ ਹੈ ਕਿ ਇਹ ਗਰਨੇਡ ਅਤੇ ਬੰਬ ਕੋਈ ਅਣਪਛਾਤਾ ਵਿਅਕਤੀ ਪੁਲਿਸ ਦੀ ਵੱਧ ਰਹੀ ਸ਼ਕਤੀ ਦੇ ਕਾਰਨ ਸੁੱਟ ਗਿਆ ਹੈ ਪਰ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਪੁਲਿਸ ਇਨੀਂ ਅਲਰਟ ਸੀ ਤਾਂ ਇਹ ਵਿਸਫੋਟਕ ਬਾਡਰ ਪਾਰ ਕਰਕੇ ਗੁਰਦਾਸਪੁਰ ਤੱਕ ਕਿਵੇਂ ਪਹੁੰਚ ਗਏ।
