ਆਨਵਾਪੀ ਮਸਜਿਦ ਵਿਚ ਜਾਰੀ ਸਰਵੇਖਣ ਦੌਰਾਨ ਸ਼ਿਵਲਿੰਗ ਮਿਲਣ ਤੋਂ ਬਾਅਦ ਇਕ ਸਥਾਨਕ ਅਦਾਲਤ ਨੇ ਵਾਰਾਨਸੀ ਪ੍ਰਾਸ਼ਸਨ ਨੂੰ ਸ਼ਿਵਲਿੰਗ ਮਿਲਣ ਵਾਲੇ ਸਥਾਨ ਨੂੰ ਸੀਲ ਕਰਨ ਦਾ ਹੁਕਮ ਦਿੱਤਾ। ਸਿਵਲ ਜੱਜ ਰਵੀ ਕੁਮਾਰ ਦਿਵਾਕਰ ਨੇ ਜ਼ਿਲ੍ਹਾ ਮੈਜਿਸਟ੍ਰੇਟ, ਪੁਲਿਸ ਕਮਿਸ਼ਨਰ ਅਤੇ ਸੀ. ਆਰ. ਪੀ. ਐਫ. ਕਮਾਂਡੈਂਟ ਨੂੰ ਸੀਲ ਕੀਤੇ ਸਥਾਨ ਦੀ ਪੁਖਤਾ ਸੁਰੱਖਿਆ ਯਕੀਨੀ ਕਰਨ ਦੇ ਵੀ ਆਦੇਸ਼ ਦਿੱਤੇ। ਜਾਣਕਾਰੀ ਅਨੁਸਾਰ ਅੱਜ ਦਾ ਸਰਵੇਖਣ ਸਵੇਰੇ 8 ਵਜੇ ਸ਼ੁਰੂ ਹੋਇਆ ਅਤੇ ਕਰੀਬ ਦੋ ਘੰਟਿਆਂ ਬਾਅਦ 10.15 ਤੱਕ ਸਮਾਪਤ ਹੋ ਗਿਆ। ਵਾਰਾਨਸੀ ਦੇ ਜ਼ਿਲ੍ਹਾ ਅਧਿਕਾਰੀ ਕੌਸ਼ਲ ਰਾਜ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਪੱਖ ਅਦਾਲਤ ਵਲੋਂ ਗਠਤ ਕੀਤੇ ਕਮਿਸ਼ਨ ਦੇ ਕੰਮ ਤੋਂ ਸੰਤੁਸ਼ਟ ਹਨ। ਇਸ ਦੌਰਾਨ ਹਿੰਦੂ ਪੱਖ ਦੇ ਵਕੀਲ ਮਦਨ ਮੋਹਨ ਯਾਦਵ ਨੇ ਦਾਅਵਾ ਕੀਤਾ ਹੈ ਕਿ ਸਰਵੇਖਣ ਕਰਨ ਵਾਲੀ ਟੀਮ ਨੂੰ ਦੌਰਾਨ ਕੰਪਲੈਕਸ ‘ਚ ਵਾਜ਼ੂਖਾਨਾ (ਜਿੱਥੇ ਨਮਾਜ਼ ਅਦਾ ਕਰਨ ਤੋਂ ਪਹਿਲਾਂ ਹੱਥ ਧੋਏ ਜਾਂਦੇ ਹਨ) ਨੇੜੇ ਸ਼ਿਵਲਿੰਗ ਮਿਲਿਆ ਹੈ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਜਦੋਂ ਬੀਤੇ ਕੱਲ੍ਹ ਸਰਵੇ ਦਾ ਕੰਮ ਬੰਦ ਹੋਣ ਵਾਲਾ ਸੀ ਤਾਂ ਫੈਸਲਾ ਲਿਆ ਗਿਆ ਕਿ 16 ਮਈ ਨੂੰ ਵੀ ਸਰਵੇ ਕੀਤਾ ਜਾਵੇਗਾ ਅਤੇ ਦੋ ਘੰਟਿਆਂ ਤੋਂ ਵੱਧ ਸਮੇਂ ਸਰਵੇ ਕਰਨ ਤੋਂ ਬਾਅਦ ਕੰਮ ਸਮਾਪਤ ਕਰ ਦਿੱਤਾ ਗਿਆ।
ਸੁਪਰੀਮ ਕੋਰਟ ‘ਚ ਸੁਣਵਾਈ ਅੱਜ
ਇਲਾਹਾਬਾਦ ਹਾਈ ਕੋਰਟ ਵਲੋਂ ਗਿਆਨਵਾਪੀ-ਕਾਸ਼ੀ ਵਿਸ਼ਵਨਾਥ ਮਸਜਿਦ ਦੇ ਅੰਦਰ ਵੀਡੀਓਗ੍ਰਾਫੀ ਦੀ ਦਿੱਤੀ ਮਨਜ਼ੂਰੀ ਖ਼ਿਲਾਫ਼ ਸੁਪਰੀਮ ਕੋਰਟ ਮੰਗਲਵਾਰ ਨੂੰ ਇਕ ਮੁਸਲਿਮ ਧਿਰ ਦੀ ਅਪੀਲ ‘ਤੇ ਸੁਣਵਾਈ ਕਰੇਗੀ। ਜਾਣਕਾਰੀ ਅਨੁਸਾਰ ਜਸਟਿਸ ਡਾ. ਡੀ.ਵਾਈ. ਚੰਦਰਚੂੜ ਅਤੇ ਜਸਟਿਸ ਪੀ.ਐਸ. ਨਰਸਿਮ੍ਹਾ ਦਾ ਬੈਂਚ ਹਾਈਕੋਰਟ ਵਲੋਂ ਦਿੱਤੀ ਮਨਜ਼ੂਰੀ ਨੂੰ ਚੁਣੌਤੀ ਦੇਣ ਵਾਲੀ ਅਪੀਲ ‘ਤੇ ਸੁਣਵਾਈ ਕਰੇਗਾ।
ਮੈਨੇਜਮੈਂਟ ਵਲੋਂ ਦਾਅਵਾ ਖ਼ਾਰਜ
ਉੱਧਰ ਮਸਜਿਦ ਦੀ ਮੈਨੇਜਮੈਂਟ ਕਮੇਟੀ ਦੇ ਬੁਲਾਰੇ ਨੇ ਸ਼ਿਵਲਿੰਗ ਦੇ ਮਿਲਣ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ। ਉਸ ਨੇ ਕਿਹਾ ਕਿ ਜੋ ‘ਹਿੱਸਾ’ ਮਿਲਿਆ ਹੈ ਉਹ ਮਸਜਿਦ ਵਿਚ ਲੱਗੇ ਫੁਹਾਰੇ ਦਾ ਹੀ ਇਕ ਹਿੱਸਾ ਹੈ ਅਤੇ ਹਿੰਦੂ ਧਿਰ ਦੇ ਵਕੀਲ ਨੇ ਪੂਰੀ ਜਾਣਕਾਰੀ ਸੁਣੇ ਬਿਨਾਂ ਹੀ ਇਸ ਦਾ ਐਲਾਨ ਕਰ ਦਿੱਤਾ।
