ਕੇਂਦਰ ਸਰਕਾਰ ਨੇ ਆਪਣੇ ਪ੍ਰਮੁੱਖ ਪ੍ਰੋਗਰਾਮ ‘ਬੇਟੀ ਬਚਾਓ ਬੇਟੀ ਪੜ੍ਹਾਓ’ ਲਈ ਮਿਲੇ ਬਜਟ ਦਾ 79 ਫ਼ੀਸਦੀ ਹਿੱਸਾ ਕੇਵਲ ਇਸ਼ਤਿਹਾਰਾਂ ‘ਤੇ ਹੀ ਖਰਚ ਕਰ ਦਿੱਤਾ ਹੈ, ਇਹ ਖੁਲਾਸਾ ਵੀਰਵਾਰ ਨੂੰ ਸੰਸਦ ‘ਚ ਇਸ ਸੰਬੰਧੀ ਪੇਸ਼ ਕੀਤੀ ਗਈ ਰਿਪੋਰਟ ਤੋਂ ਹੋਇਆ ਹੈ | ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ 2016-2019 ਦੌਰਾਨ ਜਾਰੀ ਹੋਏ 446.72 ਕਰੋੜ ਰੁਪਏ ‘ਚੋਂ 78.91 ਫ਼ੀਸਦੀ ਹਿੱਸਾ ਲੜਕੀਆਂ ਦੀ ਸਿੱਖਿਆ ਤੇ ਸਿਹਤ ਜਿਹੀਆਂ ਭਲਾਈ ਯੋਜਨਾਵਾਂ ‘ਤੇ ਖਰਚ ਕਰਨ ਦੀ ਬਜਾਏ ਵਿਗਿਆਪਨਾਂ ‘ਤੇ ਕਰ ਦਿੱਤਾ ਗਿਆ | ਇਸ ਬਾਰੇ ਪੈਨਲ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਕਮੇਟੀ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਸੀ ਅਤੇ ਜਾਗਰੂਕਤਾ ਫੈਲਾਉਣ ਲਈ ਮੀਡੀਆ ਮੁਹਿੰਮ ਚਲਾਉਣ ਨੂੰ ਜ਼ਰੂਰੀ ਸਮਝਦੀ ਸੀ | ਇਸ ਮੁਹਿੰਮ ਸੰਬੰਧੀ ਪੈਨਲ ਦੀ ਅਗਵਾਈ ਮਹਾਰਾਸ਼ਟਰ ਤੋਂ ਭਾਜਪਾ ਦੀ ਸੰਸਦ ਹਿਨਾ ਵਿਜੇਕੁਮਾਰ ਗਾਵਿਤ ਕਰ ਰਹੀ ਹੈ | ਮਾਹਿਰਾਂ ਤੇ ਬਾਲ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਦੇ ਚਲਦੇ ਵਿਦਿਆਰਥਣਾਂ ਤੱਕ ਸਿੱਖਿਆ ਦੀ ਪਹੁੰਚ ਬਹੁਤ ਘੱਟ ਹੋ ਸਕੀ ਹੈ |
