ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸਾਉਣੀ ਦੇ ਮਾਰਕੀਟਿੰਗ ਸੀਜ਼ਨ 2021-22 ਲਈ ਨਕਦ ਕਰਜ਼ਾ ਹੱਦ (ਕੈਸ਼ ਕ੍ਰੈਡਿਟ ਲਿਮਟ) ਸਬੰਧੀ ਸੂਬੇ ਨੂੰ ਭਾਰਤੀ ਰਿਜ਼ਰਵ ਬੈਂਕ ਤੋਂ ਤੇਜ਼ੀ ਨਾਲ ਇਜਾਜ਼ਤ ਦਿਵਾਉਣ ‘ਚ ਮਦਦ ਕੀਤੀ ਜਾਵੇ | ਮੁੱਖ ਮੰਤਰੀ ਨੇ ਆਪਣੇ ਦਫ਼ਤਰ ਵਿਖੇ ਕੇਂਦਰੀ ਖੁਰਾਕ ਤੇ ਜਨਤਕ ਵੰਡ ਸਕੱਤਰ ਸੁਧਾਂਸ਼ੂ ਪਾਂਡੇ ਨਾਲ ਡੇਢ ਘੰਟਾ ਗੱਲਬਾਤ ਕੀਤੀ | ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਹਾਜ਼ਰੀ ‘ਚ ਮੁਲਾਕਾਤ ਦੌਰਾਨ ਕੇਂਦਰੀ ਸਕੱਤਰ ਨੇ ਪੰਜਾਬ ਵਲੋਂ ਕੌਮੀ ਖੁਰਾਕ ਭੰਡਾਰ ‘ਚ ਕਣਕ ਅਤੇ ਝੋਨੇ ਦੇ ਪਾਏ ਜਾ ਰਹੇ ਯੋਗਦਾਨ ਲਈ ਸ਼ਲਾਘਾ ਵੀ ਕੀਤੀ | ਝੋਨੇ ਦੀ ਮੌਜੂਦਾ ਖਰੀਦ ਨੂੰ ਪਿਛਲੇ ਨਿਯਮਾਂ ਅਨੁਸਾਰ ਨੇਪਰੇ ਚਾੜ੍ਹੇ ਜਾਣ ਦੀ ਮੁੱਖ ਮੰਤਰੀ ਵਲੋਂ ਕੀਤੀ ਬੇਨਤੀ ਨੂੰ ਮਨਜ਼ੂਰੀ ਦਿੰਦੇ ਹੋਏ ਪਾਂਡੇ ਨੇ ਉਨ੍ਹਾਂ ਨੂੰ ਦੱਸਿਆ ਕਿ ਭਾਰਤ ਸਰਕਾਰ ਵਲੋਂ 1 ਅਕਤੂਬਰ, 2021 ਨੂੰ ਸ਼ੁਰੂ ਹੋ ਰਹੇ ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਸੂਬੇ ‘ਚ ਮੌਜੂਦਾ ਨਿਯਮਾਂ ਅਨੁਸਾਰ ਝੋਨੇ ਦੀ ਖਰੀਦ ਦਾ ਫੈਸਲਾ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ | ਮੁੱਖ ਮੰਤਰੀ ਨੇ ਸਕੱਤਰ ਨੂੰ ਦੱਸਿਆ ਕਿ ਭਾਰਤ ਸਰਕਾਰ ਵਲੋਂ 170 ਲੱਖ ਮੀਟਿ੍ਕ ਟਨ ਦੀ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ, ਪਰ ਸੂਬੇ ਦੇ ਖੇਤੀਬਾੜੀ ਉਤਪਾਦਨ ਅਨੁਮਾਨਾਂ ਅਨੁਸਾਰ 191 ਲੱਖ ਮੀਟਿ੍ਕ ਟਨ ਝੋਨੇ ਦੀ ਆਮਦ ਹੋਣ ਦੀ ਆਸ ਹੈ | ਉਨ੍ਹਾਂ ਕੇਂਦਰ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਰਿਮੋਟ ਸੈਂਸਿੰਗ ਅੰਕੜਿਆਂ ਤੋਂ ਹਾਸਲ ਖੇਤੀਬਾੜੀ ਦੇ ਉਤਪਾਦਨ ਟੀਚੇ ਦੇ ਅਨੁਸਾਰ ਨਿਰਵਿਘਨ ਖਰੀਦ ਯਕੀਨੀ ਬਣਾਈ ਜਾ ਸਕੇ |
ਸੂਬੇ ਦੇ ਗੋਦਾਮਾਂ ‘ਚ ਜਮ੍ਹਾਂ ਅੰਨ ਪਦਾਰਥਾਂ ਦੀ ਸੁਸਤ ਆਵਾਜਾਈ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਨੇ ਕੇਂਦਰੀ ਸਕੱਤਰ ਨੂੰ ਕਿਹਾ ਕਿ ਫੌਰੀ ਤੌਰ ‘ਤੇ ਰੇਲਵੇ ਅਥਾਰਿਟੀ ਨਾਲ ਸੰਪਰਕ ਕਰਕੇ ਇਹ ਗੋਦਾਮ ਖਾਲੀ ਕਰਵਾਏ ਜਾਣ ਤਾਂ ਜੋ ਤਾਜ਼ਾ ਝੋਨੇ/ਚੌਲ ਦੇ ਭੰਡਾਰਨ ਲਈ ਢੁੱਕਵੀਂ ਥਾਂ ਬਣਾਈ ਜਾ ਸਕੇ | ਇਸ ਮੁੱਦੇ ਸਬੰਧੀ ਕੇਂਦਰੀ ਸਕੱਤਰ ਨੇ ਕਿਹਾ ਕਿ ਰੇਲਵੇ ਬੋਰਡ ਦੇ ਚੇਅਰਮੈਨ ਨੇ ਪਹਿਲਾਂ ਹੀ 70-80 ਰੈਕ ਪੰਜਾਬ ਤੋਂ ਦੇਸ਼ ਭਰ ਵਿਖੇ ਲਿਜਾਣ ਲਈ ਇਜਾਜ਼ਤ ਦਿੱਤੀ ਹੋਈ ਹੈ | ਮੀਟਿੰਗ ਦੌਰਾਨ ਮੁੱਖ ਸਕੱਤਰ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਹੁਸਨ ਲਾਲ, ਸਕੱਤਰ (ਵਿੱਤ) ਕੇ.ਏ.ਪੀ. ਸਿਨਹਾ, ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਤੇ ਕਮਲ ਕਿਸ਼ੋਰ ਯਾਦਵ ਅਤੇ ਸਕੱਤਰ, ਖੁਰਾਕ ਤੇ ਸਿਵਲ ਸਪਲਾਈ ਗੁਰਕੀਰਤ ਕ੍ਰਿਪਾਲ ਸਿੰਘ ਵੀ ਮੌਜੂਦ ਸਨ |
