ਕਾਂਗਰਸ ਬੁੱਧਵਾਰ ਨੂੰ ਇੱਥੇ ਇਕ ਵਿਸ਼ਾਲ ਰੈਲੀ ਕਰਕੇ ਆਪਣੀ 3570 ਕਿਲੋਮੀਟਰ ਲੰਬੀ ‘ਭਾਰਤ ਜੋੜੋ ਯਾਤਰਾ’ ਦੀ ਸ਼ੁਰੂਆਤ ਕਰੇਗੀ | ‘ਭਾਰਤ ਜੋੜੋ ਯਾਤਰਾ’ ਸ਼ੁਰੂ ਕਰਨ ਤੋਂ ਪਹਿਲਾਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ੍ਰੀਪੇਰੂਬੁਦੂਰ ਵਿਖੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦਗਾਰ ‘ਤੇ ਇਕ ਪ੍ਰਾਰਥਨਾ ਸਭਾ ‘ਚ ਸ਼ਿਰਕਤ ਕਰਨਗੇ | ਇਸ ਤੋਂ ਬਾਅਦ ਉਹ ਕੰਨਿਆਕੁਮਾਰੀ ‘ਚ ਇਕ ਸਮਾਗਮ ‘ਚ ਸ਼ਿਰਕਤ ਕਰਨਗੇ, ਜਿਥੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਹਾਜ਼ਰ ਰਹਿਣਗੇ ਅਤੇ ਰਾਹੁਲ ਗਾਂਧੀ ਨੂੰ ਇਕ ਖਾਦੀ ਦਾ ਤਿਰੰਗਾ ਸੌਂਪਿਆ ਜਾਵੇਗਾ | ਰਾਹੁਲ ਗਾਂਧੀ ਹੋਰਨਾਂ ਆਗੂਆਂ ਨਾਲ ਰੈਲੀ ਵਾਲੇ ਸਥਾਨ ‘ਤੇ ਪੈਦਲ ਜਾਣਗੇ, ਜਿਥੋਂ ਯਾਤਰਾ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ | ਭਾਵੇਂ ਯਾਤਰਾ ਦੀ ਰਸਮੀ ਸ਼ੁਰੂਆਤ ਬੁੱਧਵਾਰ ਨੂੰ ਰੈਲੀ ‘ਚ ਕੀਤੀ ਜਾਵੇਗੀ ਪਰ ਅਸਲ ‘ਚ ਯਾਤਰਾ 8 ਸਤੰਬਰ ਨੂੰ ਸਵੇਰੇ 7 ਵਜੇ ਸ਼ੁਰੂ ਹੋਵੇਗੀ ਜਦ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂ ਮਾਰਚ ਦੀ ਸ਼ੁਰੂਆਤ ਕਰਨਗੇ |
