ਲੁਧਿਆਣਾ ਦੇ ਇੱਕ ਉਦਯੋਗਪਤੀ ਨਾਲ ਹੋਈ 19.84 ਕਰੋੜ ਰੁਪਏ ਦੀ ਕ੍ਰਿਪਟੋ ਕਰੰਸੀ ਠੱਗੀ ਮਾਮਲੇ ਵਿੱਚ ਪੁਲੀਸ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਇਸ “ਪਿਗ ਬੁੱਚਰਿੰਗ” (pig butchering) ਸਕੈਮ ਵਿੱਚ ਠੱਗੀ ਦੀ ਰਕਮ ਨੂੰ ਲੁਕਾਉਣ ਲਈ 200 ਦੇ ਕਰੀਬ ਮਿਊਲ ਖਾਤਿਆਂ (mule accounts) ਅਤੇ 76 ਜਾਅਲੀ ਬੈਂਕ ਖਾਤਿਆਂ ਦੀ ਵਰਤੋਂ ਕੀਤੀ ਗਈ ਸੀ।
ਪੀੜਤ ਜਗਦੀਪ ਸਿੰਗਲ ਨੂੰ ਵਰਗੀ ਦਿਖਣ ਵਾਲੀ ਇੱਕ ਨਕਲੀ ਵੈੱਬਸਾਈਟ ਰਾਹੀਂ ਜਾਲ ਵਿੱਚ ਫਸਾਇਆ ਗਿਆ। ਉਸ ਨੂੰ ਲੱਗਿਆ ਕਿ ਉਹ ਅਸਲੀ ਕ੍ਰਿਪਟੋ ਵਿੱਚ ਨਿਵੇਸ਼ ਕਰ ਰਿਹਾ ਹੈ, ਪਰ ਅਸਲ ਵਿੱਚ ਉਸ ਦੇ ਪੈਸੇ ਠੱਗਾਂ ਦੇ ਖਾਤਿਆਂ ਵਿੱਚ ਜਾ ਰਹੇ ਸਨ।
ਸਾਰੇ ਪੈਸੇ 15 ਮਈ ਤੋਂ 20 ਨਵੰਬਰ 2025 ਦੇ ਵਿਚਕਾਰ 15 ਵੱਖ-ਵੱਖ ਬੈਂਕਾਂ ਦੇ ਜਾਅਲੀ ਖਾਤਿਆਂ ਵਿੱਚ ਪਾਏ ਗਏ। ਸਿਰਫ 17 ਤੋਂ 20 ਨਵੰਬਰ ਦੇ ਚਾਰ ਦਿਨਾਂ ਵਿੱਚ ਹੀ ਉਦਯੋਗਪਤੀ ਨੇ 5 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਸਨ।
ਇਹ ਧੋਖਾਧੜੀ ਕਰਨ ਵਾਲੇ ਖਾਤੇ ਦਿੱਲੀ, ਮੁੰਬਈ, ਗੁਜਰਾਤ, ਪੰਜਾਬ ਅਤੇ ਬੰਗਲੁਰੂ ਵਰਗੇ ਸ਼ਹਿਰਾਂ ਵਿੱਚ ਫੈਲੇ ਹੋਏ ਸਨ। ਇਸ ਵਿੱਚ IDFC, ICICI ਅਤੇ Axis ਵਰਗੇ ਵੱਡੇ ਬੈਂਕਾਂ ਦੇ ਖਾਤਿਆਂ ਅਤੇ 10 ਤੋਂ ਵੱਧ ਫਰਜ਼ੀ ਮੋਬਾਈਲ ਨੰਬਰਾਂ ਦੀ ਵਰਤੋਂ ਕੀਤੀ ਗਈ।
ਪੁਲੀਸ ਮੁਤਾਬਕ ਡਿਜੀਟਲ ਵਾਲੇਟ ਅਤੇ ਸਮਾਰਟ ਕਾਰਡ (PPIs) ਦੀ ਵਰਤੋਂ ਕਰਕੇ ਪੈਸੇ ਦੇ ਸਰੋਤ ਨੂੰ ਲੁਕਾਉਣਾ ਠੱਗਾਂ ਲਈ ਆਸਾਨ ਹੋ ਗਿਆ ਹੈ, ਜਿਸ ਕਾਰਨ ਜਾਂਚ ਟੀਮਾਂ ਹੁਣ ਗੇਮਿੰਗ ਪਲੇਟਫਾਰਮਾਂ ‘ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ।
