ਅਮਰੀਕੀ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਦੇ ਤਾਈਵਾਨ ਦੌਰੇ ਤੋਂ 12 ਦਿਨਾਂ ਬਾਅਦ ਹੁਣ ਅਮਰੀਕੀ ਸੰਸਦ ਮੈਂਬਰਾਂ ਦਾ ਇਕ ਵਫ਼ਦ ਤਾਈਵਾਨ ਦੇ ਦੌਰੇ ‘ਤੇ ਇੱਥੇ ਪੁੱਜਾ | ਡੈਮੋਕ੍ਰੇਟਿਕ ਸੈਨੇਟਰ ਐਡ ਮਾਰਕੀ ਦੀ ਅਗਵਾਈ ‘ਚ 5 ਮੈਂਬਰੀ ਵਫ਼ਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ, ਖ਼ੇਤਰੀ ਸੁਰੱਖਿਆ, ਵਪਾਰ, ਨਿਵੇਸ਼ ਤੇ ਹੋਰਨਾਂ ਮੁੱਦਿਆਂ ‘ਤੇ ਚਰਚਾ ਕਰਨ ਲਈ ਤਾਈਵਾਨ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰੇਗਾ | ਉਧਰ ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਜੰਗੀ ਅਭਿਆਸ ਖ਼ਤਮ ਹੋਣ ਤੋਂ ਬਾਅਦ ਵੀ ਚੀਨ ਦੇ ਲੜਾਕੂ ਜਹਾਜ਼ ਰੋਜ਼ਾਨਾ ਤਾਈਵਾਨ ਜਲਡਮਰੂ ਦੇ ਮੱਧਬਿੰਦੂ ਨੂੰ ਪਾਰ ਕਰਦੇ ਹਨ, ਐਤਵਾਰ ਨੂੰ 10 ਜਹਾਜ਼ਾਂ ਨੇ ਇਹ ਸੀਮਾ ਪਾਰ ਕੀਤੀ |
ਤਾਈਵਾਨ ਵਲੋਂ ਭਾਰਤ ਤੇ ਹੋਰਾਂ ਦੇਸ਼ਾਂ ਦਾ ਧੰਨਵਾਦ
ਸਪੀਕਰ ਨੈਂਸੀ ਪੇਲੋਸੀ ਦੇ ਦੌਰੇ ਤੋਂ ਬਾਅਦ ਖਿਝੇ ਚੀਨ ਦੇ ਜੁਝਾਰੂ ਸੈਨਿਕ ਰੁਖ ਨੂੰ ਵੇਖਦਿਆਂ ਹੋਇਆਂ ਤਾਈਵਾਨ ਜਲਡਮਰੂ (ਸਟ੍ਰੇਟ) ‘ਚ ਸਥਿਤੀ ਨੂੰ ਬਦਲਣ ਲਈ ਸੰਜਮ ਵਰਤਣ ਅਤੇ ਇਕਤਰਫਾ ਕਾਰਵਾਈ ਤੋਂ ਬਚਣ ਲਈ ਦਿੱਤੇ ਬਿਆਨਾਂ ਨੂੰ ਲੈ ਕੇ ਤਾਈਵਾਨ ਨੇ ਭਾਰਤ ਤੇ ਕਈ ਹੋਰ ਦੇਸ਼ਾਂ ਦਾ ਧੰਨਵਾਦ ਕੀਤਾ ਹੈ | ਨਵੀਂ ਦਿੱਲੀ ਦਫ਼ਤਰ ‘ਚ ਸਥਿਤ ਤਾਈਵਾਨ ਦੇ ਪ੍ਰਤੀਨਿਧੀ ਨੇ ਆਪਣੇ ਬਿਆਨ ‘ਚ ਕਿਹਾ ਕਿ ਤਾਈਵਾਨ ਦੀ ਸਰਕਾਰ ਨਿਯਮ-ਆਧਾਰਿਤ ਕੌਮਾਂਤਰੀ ਵਿਵਸਥਾ ਨੂੰ ਸਾਂਝੇ ਤੌਰ ‘ਤੇ ਸੁਰੱਖਿਅਤ ਰੱਖਣ ਲਈ ਅਮਰੀਕਾ, ਜਾਪਾਨ ਤੇ ਭਾਰਤ ਸਮੇਤ ਹੋਰ ਸਾਰੇ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਨਾਲ ਨਜ਼ਦੀਕੀ ਸੰਚਾਰ ਤੇ ਤਾਲਮੇਲ ਬਣਾਈ ਰੱਖਦੇ ਹੋਏ ਆਪਣੀ ਸਵੈ-ਰੱਖਿਆ ਸਮਰੱਥਾਵਾਂ ਨੂੰ ਵਧਾਉਣਾ ਜਾਰੀ ਰੱਖੇਗੀ |
